ਪੰਜਾਬ ਕਾਂਗਰਸ ''ਚ ਕੁਝ ਨਵੇਂ ਅਹੁਦੇ ਬਣਾਉਣ ਦੀ ਚਰਚਾ

08/24/2016 11:27:42 AM

ਜਲੰਧਰ (ਧਵਨ)— ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ''ਚ ਕੁਝ ਸੀਨੀਅਰ ਆਗੂਆਂ ਨੂੰ ਐਡਜਸਟ ਕਰਨ ਲਈ ਨਵੇਂ ਅਹੁਦੇ ਕਾਇਮ ਕਰਨ ਦੀ ਚਰਚਾ ਚੱਲ ਰਹੀ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੂੰ ਸੂਬਾ ਇਕਾਈ ''ਚ ਕਮਿਊਨੀਕੇਸ਼ਨ ਅਤੇ ਪਬਲੀਸਿਟੀ ਡਿਪਾਰਟਮੈਂਟ ਦਾ ਮੁਖੀ ਬਣਾਉਣ ਦਾ ਕੰਮ ਕੇਂਦਰੀ ਲੀਡਰਸ਼ਿਪ ਨੂੰ ਦਿੱਤਾ ਹੈ।
ਜਾਖੜ ਇਸ ਸਮੇਂ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਅਤੇ ਪਾਰਟੀ ਦੇ ਮੁੱਖ ਬੁਲਾਰੇ ਹਨ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਸ਼ਹਿਰਾਂ ''ਚ ਹਿੰਦੂ ਭਾਈਚਾਰੇ ਦੇ ਸਾਹਮਣੇ ਹਿੰਦੂ ਕਾਂਗਰਸੀ ਚਿਹਰੇ ਪੇਸ਼ ਕਰਨ ਲਈ ਹੀ ਸਭ ਕੁਝ ਕੀਤਾ ਜਾ ਰਿਹਾ ਹੈ। ਸੂਬਾਈ ਵਿਧਾਨ ਸਭਾ ਦੀਆਂ ਆਮ ਚੋਣਾਂ 2017 ''ਚ ਸ਼ੁਰੂ ਹੋਣੀਆਂ ਹਨ। ਜਾਖੜ ਇਸ ਤੋਂ ਪਹਿਲਾਂ ਸੀ. ਐੱਲ. ਪੀ. ਨੇਤਾ ਸਨ ਪਰ ਬਾਅਦ ''ਚ ਉਨ੍ਹਾਂ ਦੀ  ਥਾਂ ''ਤੇ ਚਰਨਜੀਤ ਸਿੰਘ ਚੰਨੀ ਨੂੰ ਸੀ. ਐੱਲ. ਪੀ. ਨੇਤਾ ਬਣਾਇਆ ਗਿਆ। ਜਾਖੜ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਉਚਿਤ ਸਮੇਂ ''ਤੇ ਉਚਿਤ ਅਹੁਦਾ ਦੇ ਕੇ ਨਿਵਾਜਿਆ ਜਾਵੇਗਾ।
ਸੂਤਰਾਂ ਨੇ ਦੱਸਿਆ ਕਿ ਪ੍ਰਸ਼ਾਂਤ ਕਿਸ਼ੋਰ ਨੇ ਕੇਂਦਰੀ ਲੀਡਰਸ਼ਿਪ ਨੂੰ ਸੁਝਾਅ ਦਿੱਤਾ ਹੈ ਕਿ ਜਾਖੜ ਨੂੰ ਅੰਬਿਕਾ ਸੋਨੀ ਦੀ ਥਾਂ ''ਤੇ ਪੰਜਾਬ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਜਾਵੇ। ਅੰਬਿਕਾ ਕੋਲ ਪਹਿਲਾਂ ਜੰਮੂ-ਕਸ਼ਮੀਰ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦਾ ਵੀ ਭਾਰ ਹੈ। ਪ੍ਰਸ਼ਾਂਤ ਵੱਲੋਂ ਦਿੱਤੇ ਗਏ ਸੁਝਾਅ ''ਤੇ ਅਜੇ ਕੇਂਦਰੀ ਲੀਡਰਸ਼ਿਪ ਨੇ ਫੈਸਲਾ ਲੈਣਾ ਹੈ। ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਸੁਝਾਅ ਦਿੱਤਾ ਹੈ ਕਿ ਜਾਖੜ ਨੂੰ ਕਮਿਊਨੀਕੇਸ਼ਨ ਅਤੇ ਪਬਲੀਸਿਟੀ ਵਿੰਗ ਦਾ ਪ੍ਰਮੁੱਖ ਨਿਯੁਕਤ ਕਰ ਦਿੱਤਾ ਜਾਵੇ। ਕੇਂਦਰੀ ਲੀਡਰਸ਼ਿਪ ਇਸ ਲਈ ਤਿਆਰ ਦਿਖਾਈ ਦੇ ਰਹੀ  ਹੈ। ਕੈਪਟਨ ਅਮਰਿੰਦਰ ਸਿੰਘ ਵੀ ਜਾਖੜ ਨੂੰ ਪਾਰਟੀ ''ਚ  ਐਡਜਸਟ ਕਰਨ ਦੇ ਪੱਖ ''ਚ ਹਨ। ਦੂਜੇ ਪਾਸੇ ਜਾਖੜ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਾਰਟੀ ਤੋਂ ਕਦੇ ਵੀ ਕਿਸੇ ਅਹੁਦੇ ਦੀ ਮੰਗ ਨਹੀਂ ਕੀਤੀ। ਮੈਂ ਪਹਿਲਾਂ ਹੀ ਪਾਰਟੀ ਬੁਲਾਰੇ ਦੇ ਤੌਰ ''ਤੇ ਕੰਮ ਕਰ ਰਿਹਾ ਹਾਂ। ਉਨ੍ਹਾਂ ਪਬਲੀਸਿਟੀ ਪੈਨਲ ਦਾ ਪ੍ਰਮੁੱਖ ਬਣਨ ''ਚ ਆਪਣੀ ਦਿਲਚਸਪੀ ਨਹੀਂ ਦਿਖਾਈ। ਅਜਿਹੀ ਸਥਿਤੀ ''ਚ ਪਾਰਟੀ ਕੀ ਫੈਸਲੇ ਲੈਂਦੀ ਹੈ, ਇਸ ਦਾ ਪਤਾ ਕੁਝ ਦਿਨਾਂ ਬਾਅਦ ਚੱਲੇਗਾ।


Gurminder Singh

Content Editor

Related News