ਕੈਪਟਨ ਦੀ ਰਣਨੀਤੀ ਨੇ ਬਦਲੀ ਪੰਜਾਬ ਦੀ ਸੱਤਾ, ਇਸ ਲਈ ਨਹੀਂ ਬਣਾਇਆ ਡਿਪਟੀ ਸੀ. ਐੱਮ. ਦਾ ਅਹੁਦਾ

03/18/2017 1:44:14 PM

ਜਲੰਧਰ (ਧਵਨ) : ਪੰਜਾਬ ''ਚ ਕਾਂਗਰਸ ਲੀਡਰਸ਼ਿਪ ਨੇ ਡਿਪਟੀ ਸੀ. ਐੱਮ. ਬਣਾਉਣ ਲਈ ਕਿਉਂ ਨਹੀਂ ਹਾਮੀ ਭਰੀ, ਇਹ ਸਵਾਲ ਕਾਂਗਰਸ ਰਾਜਨੀਤੀ ''ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਸਮੇਂ ਸਾਰਿਆਂ ਦੀਆਂ ਨਜ਼ਰਾਂ ਡਿਪਟੀ ਸੀ. ਐੱਮ. ਅਹੁਦੇ ''ਤੇ ਲੱਗੀਆਂ ਹੋਈਆਂ ਸਨ ਪਰ ਦਿੱਲੀ ''ਚ ਕੈਪਟਨ ਦੀ ਜਦੋਂ ਰਾਹੁਲ ਗਾਂਧੀ ਨਾਲ ਬੈਠਕ ਹੋਈ ਸੀ ਤਾਂ ਉਸ ਸਮੇਂ ਤੈਅ ਹੋ ਗਿਆ ਸੀ ਕਿ ਕੋਈ ਵੀ ਡਿਪਟੀ ਸੀ. ਐੱਮ. ਨਹੀਂ ਬਣਾਇਆ ਜਾਵੇਗਾ। ਕਾਂਗਰਸ ਲੀਡਰਸ਼ਿਪ ਦਾ ਤਰਕ ਸੀ ਕਿ ਸੂਬੇ ਦੀ ਵਾਗਡੋਰ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਕੀਤੀ ਜਾ ਰਹੀ ਹੈ, ਜੋ ਕਿ ਜੱਟ ਸਿੱਖ ਹੈ। ਜੇਕਰ ਕਾਂਗਰਸ ਲੀਡਰਸ਼ਿਪ ਇਕ ਹੋਰ ਜੱਟ ਸਿੱਖ ਨੂੰ ਅੱਗੇ ਲਿਆ ਕੇ ਡਿਪਟੀ ਸੀ. ਐੱਮ. ਦਾ ਅਹੁਦਾ ਦੇ ਦਿੰਦੀ ਤਾਂ ਇਸ ਨਾਲ ਸੂਬੇ ''ਚ ਸੰਤੁਲਨ ਵਿਗੜਨ ਦਾ ਖਦਸ਼ਾ ਸੀ। ਦੇਸ਼ ''ਚ ਕਾਂਗਰਸ ਪਹਿਲਾਂ ਹੀ ਕਈ ਸੂਬਿਆਂ ''ਚ ਆਪਸੀ ਫੁੱਟ ਦਾ ਸ਼ਿਕਾਰ ਹੈ। ਇਸ ਲਈ ਰਾਹੁਲ ਗਾਂਧੀ ਵੀ ਨਹੀਂ ਚਾਹੁੰਦੇ ਸਨ ਕਿ ਪੰਜਾਬ ''ਚ ਵੱਡੀ ਮੁਸ਼ਕਿਲ ਤੇ ਮਿਹਨਤ ਨਾਲ ਸੱਤਾ ''ਚ ਆਈ ਕਾਂਗਰਸ ਸਰਕਾਰ ਦੇ ਸਾਹਮਣੇ ਸਿਆਸੀ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਜਾਣ। ਮੰਤਰੀ ਮੰਡਲ ਗਠਨ ਨਾਲ ਕੈਪਟਨ ਦੀ ਸਿਆਸੀ ਸਥਿਤੀ ਰਾਜ ''ਚ ਮਜ਼ਬੂਤ ਹੋਈ ਹੈ ਅਤੇ ਉਨ੍ਹਾਂ ਦਾ ਆਪਣੇ ਮੰਤਰੀਆਂ ''ਤੇ ਵੀ ਪੂਰਾ ਕੰਟਰੋਲ ਰਹੇਗਾ। ਕੈਪਟਨ ਤੇ ਰਾਹੁਲ ਦੀ ਆਪਸੀ ਅੰਡਰਸਟੈਂਡਿੰਗ ਹੋਰ ਵਧੀ ਹੈ।
ਕਾਂਗਰਸ ਨੂੰ ਸੂਬੇ ''ਚ ਮਿਲੀ ਅਹਿਮ ਤੇ ਭਾਰੀ ਸਫਲਤਾ ਦੇ ਪਿੱਛੇ ਹਿੰਦੂਆਂ ਤੇ ਦਲਿਤਾਂ ਨੇ ਵੀ ਅਹਿਮ ਭੂਮਿਕਾ ਨਿਭਾਈ। ਸ਼ਹਿਰਾਂ ''ਚ ਕਾਂਗਰਸ ਨੂੰ ਭਾਰੀ ਸਫਲਤਾ ਮਿਲੀ। ਹਿੰਦੂ ਤੇ ਦਲਿਤ ਵਰਗ ਤਾਂ ਇਕਜੁੱਟ ਹੋ ਕੇ ਪੂਰੀ ਤਰ੍ਹਾਂ  ਕਾਂਗਰਸ ਦੇ ਪੱਖ ''ਚ ਗਿਆ। ਅਜਿਹੀ ਸਥਿਤੀ ''ਚ 2 ਜੱਟ ਸਿੱਖਾਂ ਨੂੰ ਅੱਗੇ ਲਿਆਉਣ ਨਾਲ ਹਿੰਦੂਆਂ ਤੇ ਦਲਿਤਾਂ ਵੱਲੋਂ ਵੀ ਡਿਪਟੀ ਸੀ. ਐੱਮ. ਅਹੁਦੇ ਦੀ ਮੰਗ ਅੱਗੇ ਆ ਸਕਦੀ ਸੀ। ਜੇਕਰ ਸਿੱਧੂ ਨੂੰ ਡਿਪਟੀ ਸੀ. ਐੱਮ. ਅਹੁਦਾ ਦਿੱਤਾ ਜਾਂਦਾ ਤਾਂ ਉਸ ਸਥਿਤੀ ''ਚ ਹਿੰਦੂ ਤੇ ਦਲਿਤ ਖੁਦ ਨੂੰ ਬੇਧਿਆਨ ਮਹਿਸੂਸ ਕਰਦੇ।
ਕਾਂਗਰਸ ਅਗਵਾਈ ਨੇ ਸੰਤੁਲਨ ਬਣਾਉਣ ਦੇ ਉਦੇਸ਼ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੇ ਅਹੁਦੇ ਦੇ ਰੂਪ ''ਚ ਸਹੁੰ ਤੋਂ ਬਾਅਦ ਹਿੰਦੂ ਕਾਂਗਰਸੀ ਨੇਤਾ ਬ੍ਰਹਮ ਮਹਿੰਦਰਾ ਨੂੰ ਸਹੁੰ ਦਿਵਾਈ। ਬ੍ਰਹਮ ਮਹਿੰਦਰਾ ਨੂੰ ਪਹਿਲਾਂ ਸਹੁੰ ਦਿਵਾ ਕੇ ਹਿੰਦੂਆਂ ਨੂੰ ਪਾਰਟੀ ਨੇ ਇਕ ਚੰਗਾ ਸੰਦੇਸ਼ ਭੇਜਿਆ। ਕੈਪਟਨ ਨੇ ਵੀ ਰਾਹੁਲ ਨੂੰ ਇਹੀ ਤਰਕ ਸਮਝਾਇਆ ਸੀ ਕਿ ਕਾਂਗਰਸ ਨੂੰ ਇਸ ਵਾਰ ਸਾਰੇ ਵਰਗਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਹਨ, ਇਸ ਲਈ ਸਾਰੇ ਵਰਗਾਂ ਵਿਚਾਲੇ ਸੰਤੁਲਨ ਬਣਾਏ ਰੱਖਣਾ ਪਾਰਟੀ ਹਿੱਤਾਂ ਲਈ ਜ਼ਰੂਰੀ ਹੈ। ਉਂਝ ਵੀ 2019 ''ਚ ਲੋਕ ਸਭਾ ਦੀਆਂ ਚੋਣਾਂ ਆਉਣੀਆਂ ਹਨ, ਉਸ ਨੂੰ ਦੇਖਦੇ ਹੋਏ ਪਾਰਟੀ ਸੰਗਠਨ ਦੇ ਨਾਲ ਸਾਰੇ ਵਰਗਾਂ ਨੂੰ ਬਣਾਈ ਰੱਖਣ ਲਈ ਸਹੀ ਅਗਵਾਈ ਦਿੱਤੀ ਜਾਣੀ ਜ਼ਰੂਰੀ ਹੈ।


Gurminder Singh

Content Editor

Related News