ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਖ਼ੁਦ ਸੰਭਾਲੀ ਕਮਾਂਡ, ਵਿਧਾਇਕਾਂ ਨਾਲ ਰੋਜ਼ਾਨਾ ਕਰ ਰਹੇ ਨੇ ਬੈਠਕਾਂ

Thursday, Sep 09, 2021 - 01:04 PM (IST)

ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕਮਾਂਡ ਪੂਰੀ ਤਰ੍ਹਾਂ ਖੁਦ ਸੰਭਾਲ ਲਈ ਹੈ ਅਤੇ ਉਹ ਰੋਜ਼ਾਨਾ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਦਰਵਾਜ਼ੇ ਸਭ ਲਈ ਖੋਲ੍ਹ ਦਿੱਤੇ ਗਏ ਹਨ। ਭਾਵੇਂ ਕੁਝ ਵਿਧਾਇਕ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲ ਚਲੇ ਗਏ ਸਨ ਪਰ ਉਨ੍ਹਾਂ ਵਿਚੋਂ ਕਾਫੀ ਵਾਪਸ ਆ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਸਿਰਫ 2 ਮੰਤਰੀਆਂ ਕੋਲੋਂ ਵਧੇਰੇ ਨਾਰਾਜ਼ ਹਨ। ਹੋਰਨਾਂ ਪ੍ਰਤੀ ਉਨ੍ਹਾਂ ਉਦਾਰਵਾਦੀ ਰਵੱਈਆ ਅਪਣਾ ਲਿਆ ਹੈ। ਉਕਤ ਮੰਤਰੀਆਂ ਨੂੰ ਲੈ ਕੇ ਨਾਰਾਜ਼ਗੀ ਇਸ ਲਈ ਵੀ ਹੈ, ਕਿਉਂਕਿ ਇਨ੍ਹਾਂ ਮੰਤਰੀਆਂ ਨੂੰ ਹੀ ਮੁੱਖ ਮੰਤਰੀ ਨੇ ਆਪਣੇ ਖੇਤਰਾਂ ਵਿੱਚ ਖੁੱਲ੍ਹੀ ਛੋਟ ਦਿੱਤੀ ਹੋਈ ਸੀ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

1-2 ਹੋਰ ਮੰਤਰੀਆਂ ਅਤੇ ਵਿਧਾਇਕਾਂ ਨੇ ਤਾਂ ਲਗਾਤਾਰ ਮੁੱਖ ਮੰਤਰੀ ਨਾਲ ਆਪਣੇ ਵਿਧਾਨ ਸਭਾ ਹਲਕਿਆਂ ਅਤੇ ਸਰਕਾਰੀ ਕੰਮਾਂ ਨੂੰ ਲੈ ਕੇ ਮੁਲਾਕਾਤਾਂ ਸ਼ੁਰੂ ਕਰ ਦਿੱਤੀਆਂ ਹਨ। ਬੁੱਧਵਾਰ ਵੀ ਕਈ ਵਿਧਾਇਕਾਂ ਅਤੇ ਮੰਤਰੀਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਆਪਣੇ ਹਲਕਿਆਂ ਲਈ ਗ੍ਰਾਂਟਾਂ ਨੂੰ ਰਿਲੀਜ਼ ਕਰਵਾਇਆ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਨੇ ਆਪਣੇ ਮਨ ਵਿੱਚ ਕਿਸੇ ਵੀ ਵਿਰੋਧੀ ਵਿਧਾਇਕ ਪ੍ਰਤੀ ਮੰਦਭਾਵਨਾ ਨਹੀਂ ਰੱਖੀ ਹੋਈ। ਜਿਹੜਾ ਵੀ ਵਿਧਾਇਕ ਉਨ੍ਹਾਂ ਨੂੰ ਮਿਲਣ ਲਈ ਆ ਰਿਹਾ ਹੈ, ਉਹ ਉਸ ਨੂੰ ਪੂਰਾ ਸਤਿਕਾਰ ਦੇ ਰਹੇ ਹਨ, ਕਿਉਂਕਿ ਕੈਪਟਨ ਜਾਣਦੇ ਹਨ ਕਿ ਪਾਰਟੀ ਨੇ ਜੇ ਚੋਣਾਂ ਜਿੱਤਣੀਆਂ ਹਨ ਤਾਂ ਸਭ ਨੂੰ ਨਾਲ ਲੈ ਕੇ ਹੀ ਚੱਲਣਾ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਸੁਨਿਆਰੇ ਦਾ ਕੰਮ ਕਰਨ ਵਾਲੇ 25 ਸਾਲਾ ਨੌਜਵਾਨ ਦੀ ਸੜਕ ਦੇ ਕਿਨਾਰੇ ਤੋਂ ਮਿਲੀ ਲਾਸ਼, ਫੈਲੀ ਸਨਸਨੀ

ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਸ਼ੁਰੂ ਕੀਤਾ ਹੈ, ਨੂੰ ਦੇਖਦੇ ਹੋਏ ਹੁਣ ਪਾਰਟੀ ਚੋਣ ਰੰਗਤ ਵਿੱਚ ਪਰਤਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਹੁਣ ਸਰਕਾਰ ਅਤੇ ਪਾਰਟੀ ਦੋਵਾਂ ਨੂੰ ਚੋਣਾਂ ਵੱਲ ਆਪਣਾ ਧਿਆਨ ਕੇਂਦਰਿਤ ਕਰਨਾ ਹੋਵੇਗਾ। ਕੈਪਟਨ ਵੱਲੋਂ ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਆਗੂਆਂ ਨਾਲ ਮੁਲਾਕਾਤ ਕਰਨ ਦਾ ਮੰਤਵ ਵੀ ਸਭ ਆਗੂਆਂ ਨੂੰ ਚੋਣਾਂ ਲਈ ਤਿਆਰ ਕਰਨਾ ਹੈ। ਮੁੱਖ ਮੰਤਰੀ ਬੈਠਕਾਂ ਵਿੱਚ ਸਭ ਆਗੂਆਂ ਨੂੰ ਚੋਣਾਂ ਲਈ ਕੰਮ ਹੁਣ ਤੋਂ ਹੀ ਸ਼ੁਰੂ ਕਰਨ ਦੇ ਨਿਰਦੇਸ਼ ਦੇ ਰਹੇ ਹਨ।

ਨੋਟ - ਵਿਧਾਨ ਸਭਾ ਚੋਣਾਂ ਤੋਂ ਕੈਪਟਨ ਵਲੋਂ ਵਿਧਾਇਕਾਂ ਨਾਲ ਕੀਤੀਆਂ ਜਾਣ ਵਾਲੀਆਂ ਬੈਠਕਾਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News