ਕਿਸਾਨੀ ਮੁੱਦੇ ''ਤੇ ਸੋਨੀਆ ਮਾਨ ਨੇ ਕੈਪਟਨ ਅਮਰਿੰਦਰ ਨੂੰ ਕਿਹਾ, ''ਹੁਣ ਤਾਂ ਕੋਰੋਨਾ ਦਾ ਬਹਾਨਾ ਛੱਡ ਦਿਓ...

Saturday, Apr 10, 2021 - 03:10 PM (IST)

ਕਿਸਾਨੀ ਮੁੱਦੇ ''ਤੇ ਸੋਨੀਆ ਮਾਨ ਨੇ ਕੈਪਟਨ ਅਮਰਿੰਦਰ ਨੂੰ ਕਿਹਾ, ''ਹੁਣ ਤਾਂ ਕੋਰੋਨਾ ਦਾ ਬਹਾਨਾ ਛੱਡ ਦਿਓ...

ਚੰਡੀਗੜ੍ਹ (ਬਿਊਰੋ) : ਖ਼ੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨਾਂ ਨਾਲ ਪੰਜਾਬੀ ਕਲਾਕਾਰ ਭਾਈਚਾਰਾ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੋਇਆ ਹੈ ਅਤੇ ਦਿੱਲੀ ਦੀਆਂ ਸਰਹੱਦਾ 'ਤੇ ਕਿਸਾਨਾਂ ਨਾਲ ਇਸ ਅੰਦੋਲਨ ਨੂੰ ਹੋਰ ਅੱਗੇ ਲੈ ਕੇ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਲੈ ਕੇ ਅੱਜ ਪੰਜਾਬੀ ਕਲਾਕਾਰ ਚੰਡੀਗੜ੍ਹ 'ਚ ਇਕੱਠੇ ਹੋਏ, ਜਿਨ੍ਹਾਂ 'ਚ ਸਰਬਜੀਤ ਚੀਮਾ, ਸੋਨੀਆ ਮਾਨ ਅਤੇ ਯੋਗਰਾਜ ਵਰਗੇ ਕਈ ਕਲਾਕਾਰ ਪਹੁੰਚੇ। ਇਸ ਦੌਰਾਨ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਕਿਹਾ, '13 ਅਪ੍ਰੈਲ ਨੂੰ ਅਨੰਦਪੁਰ ਸਾਹਿਬ ਜਾ ਕੇ ਅਰਦਾਸ ਕਰਾਂਗੇ ਤਾਂਕਿ ਸਾਡਾ ਕਿਸਾਨੀ ਅੰਦੋਲਨ ਸਫ਼ਲ ਹੋਵੇ ਅਤੇ ਜਿਹਨਾਂ ਬਜ਼ੁਰਗਾਂ ਤੇ ਨੌਜੁਆਨਾਂ ਨੇ ਸ਼ਹੀਦੀ ਪਾਈ ਹੈ, ਉਨ੍ਹਾਂ ਲਈ ਵੀ ਅਰਦਾਸ ਕਰਨੀ ਹੈ ਕਿਉਂਕਿ ਹੁਣ ਗਰਮੀਆਂ ਦਾ ਮੌਸਮ ਹੈ, ਜਿਸ ਕਰਕੇ ਉਥੇ ਰਹਿਣ ਔਖਾ ਹੋ ਰਿਹਾ ਹੈ। ਉਨ੍ਹਾਂ ਨੇ ਸਾਰੇ ਨੌਜਵਾਨਾਂ ਅਤੇ ਪੰਜਾਬੀ ਇੰਡਸਟਰੀ ਦੇ ਬਾਕੀ ਕਲਾਕਾਰਾਂ ਨੂੰ ਵੀ ਉਥੇ ਪਹੁੰਚਣ ਦੀ ਅਪੀਲ ਕੀਤੀ।'

ਕੈਪਟਨ ਅਮਰਿੰਦਰ ਨੂੰ ਸੋਨੀਆ ਮਾਨ ਦੀ ਅਪੀਲ
ਇਸ ਤੋਂ ਇਲਾਵਾ ਸੋਨੀਆ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ, 'ਕੋਰੋਨਾ ਦਾ ਬਹਾਨਾ ਛੱਡ ਦਿਓ। ਜੇਕਰ ਇੰਨਾਂ ਹੀ ਕੋਰੋਨਾ ਫੈਲਿਆ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਇਹ ਖੇਤੀ ਬਿੱਲ ਰੱਦ ਕਰਵਾਏ ਜਾਣ ਤਾਂ ਜੋ ਦਿੱਲੀ ਧਰਨੇ 'ਤੇ ਬੈਠੇ ਲੋਕ ਆਪਣੇ ਘਰ ਵਾਪਸ ਜਾ ਸਕਣ ਅਤੇ ਬਿਮਾਰੀ ਤੋਂ ਬਚ ਸਕਣ।'
ਦਰਅਸਲ, ਆਏ ਦਿਨ ਪੰਜਾਬ 'ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ, ਜਿਸ ਨੂੰ ਵੇਖਦਿਆਂ ਕੈਪਟਨ ਨੇ ਕੋਰੋਨਾ ਨਿਯਮ ਹੋਰ ਵੀ ਸਖ਼ਤ ਕਰ ਦਿੱਤੇ ਹਨ। ਇਸ ਤੋਂ ਇਲਾਵਾ ਨਾਈਟ ਕਰਫਿਊ ਦੀ ਮਿਆਦ ਵੀ ਵਧਾ ਦਿੱਤੀ ਗਈ ਹੈ। 

ਸਰਬਜੀਤ ਚੀਮਾ ਨੇ ਆਖੀਆਂ ਇਹ ਗੱਲਾਂ
ਇਸ ਕਾਨਫਰੰਸ 'ਚ ਸਰਬਜੀਤ ਚੀਮਾ ਨੇ ਕਿਹਾ, '13 ਅਪ੍ਰੈਲ ਦਾ ਦਿਨ ਸਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਵਿਸਾਖੀ ਵਾਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਸਭ ਮਿਲਕੇ ਇਕੱਠੇ ਹੋ ਰਹੇ ਹਾਂ, ਜਿਥੇ ਆਪਾ ਆਪਣੇ 'ਕਿਸਾਨੀ ਅੰਦੋਲਨ' ਦੀ ਸਫ਼ਲਤਾ ਲਈ ਅਰਦਾਸ ਕਰਨੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰਿਆਂ ਨੂੰ 13 ਤਾਰੀਖ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਇਸੇ ਤਰ੍ਹਾਂ ਹੀ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ ਅਤੇ ਹੁਣ ਕਿਸਾਨਾਂ ਲਈ ਤੁਰਨਾ ਸਾਡਾ ਫਰਜ਼ ਹੈ। ਵਿਸਾਖੀ ਦੇ ਇਸ ਖ਼ਾਸ ਦਿਹਾੜੇ 'ਤੇ ਜੋ ਕਿ ਖ਼ਾਲਸਾ ਸਾਜਨਾ ਦਿਵਸ ਹੈ ਅਤੇ ਕਿਸਾਨਾਂ ਲਈ ਵੀ ਮਹੱਤਵਪੂਰਨ ਦਿਨ ਹੈ। ਉਸਦੇ ਚਲਦੇ ਅਸੀਂ ਅਨੰਦਪੁਰ ਸਾਹਿਬ ਗੁਰੂ ਮਹਾਰਾਜ ਅੱਗੇ ਆਪਣੀ ਬੇਨਤੀ ਜ਼ਰੂਰ ਕਰਾਂਗੇ। ਉਨ੍ਹਾਂ ਕਿਹਾ ਸਰਕਾਰ ਹੁਣ ਕੋਰੋਨਾ ਦੇ ਬਹਾਨੇ ਇਸ ਅੰਦੋਲਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਅਨੰਦਪੁਰ ਸਾਹਿਬ ਜਾਣ ਦਾ ਸਾਡਾ ਅਸਲੀ ਮਕਸਦ ਇਹੀ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਅਤੇ ਇਕੱਠੇ ਹੋ ਕੇ ਇਸ ਅੰਦੋਲਨ 'ਚ ਹਿੱਸਾ ਪਾਈਏ।
 


author

sunita

Content Editor

Related News