''ਆਪ'' ਨਾਲ ਗਠਜੋੜ ''ਤੇ ਦੇਖੋ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ (ਵੀਡੀਓ)

Sunday, Jul 22, 2018 - 07:01 PM (IST)

ਨਵੀਂ ਦਿੱਲੀ\ਚੰਡੀਗੜ੍ਹ (ਕਮਲ) : 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਸਖਤ ਟੱਕਰ ਦੇ ਕੇ ਪਸੀਨੇ ਛੁਡਾ ਦੇਣ ਵਾਲੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਦੀ ਖਿਚੜੀ ਪੱਕ ਰਹੀ ਹੈ। ਹਰ ਵੇਲੇ ਕਾਂਗਰਸ ਨੂੰ ਨਿਸ਼ਾਨੇ 'ਤੇ ਰੱਖਣ ਵਾਲੀ 'ਆਪ' ਨਾਲ ਜਦੋਂ ਗਠਜੋੜ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਗਿਆ ਤਾਂ ਉਹ ਵੀ ਸਾਰੀ ਗੱਲ ਹਾਈਕਮਾਨ 'ਤੇ ਸੁੱਟ ਗੋਲ-ਮੋਲ ਜਿਹਾ ਜਵਾਬ ਦੇ ਕੇ ਤੁਰਦੇ ਬਣੇ। ਕੈਪਟਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਫੈਸਲਾ ਕਾਂਗਰਸ ਹਾਈਕਮਾਨ ਨੇ ਹੀ ਕਰਨਾ ਹੈ। 
ਖਬਰਾਂ ਇਹ ਵੀ ਹਨ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਹੱਥ ਮਿਲਾ ਸਕਦੀ ਹੈ। ਹਾਲਾਂਕਿ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਅਜੇ ਤੱਕ ਇਸਦੀ ਹਾਮੀ ਨਹੀਂ ਭਰੀ ਪਰ ਇਹ ਖਬਰਾਂ ਉਸ ਸਮੇਂ ਆਈਆਂ ਹਨ ਜਦੋਂ ਦੇਸ਼ 'ਚ ਭਾਜਪਾ ਦਾ ਜੇਤੂ ਰੱਥ ਰੋਕਣ ਲਈ ਕਾਂਗਰਸ ਦੂਸਰੀਆਂ ਪਾਰਟੀਆਂ ਨੂੰ ਆਪਣੇ ਨਾਲ ਇਕ ਪਲੇਟਫਾਰਮ 'ਤੇ ਇਕੱਠਾ ਕਰ ਰਹੀ ਹੈ। 
ਪੰਜਾਬ ਹੋਵੇ ਜਾਂ ਦਿੱਲੀ ਆਮ ਆਦਮੀ ਪਾਰਟੀ ਹਮੇਸ਼ਾ ਹੀ ਕਾਂਗਰਸ ਦੇ ਰਾਹ ਦਾ ਰੋੜਾ ਬਣਦੀ ਰਹੀ ਹੈ। ਦਿੱਲੀ 'ਚ ਜਿੱਥੇ 'ਆਪ' ਨੇ ਕਾਂਗਰਸ ਦਾ ਪੱਤਾ ਸਾਫ ਕਰ ਦਿੱਤਾ, ਉਥੇ ਹੀ ਪੰਜਾਬ 'ਚ ਵੀ ਕਾਂਗਰਸ ਨੂੰ ਸੱਤਾ 'ਚ ਆਉਣ ਤੋਂ ਰੋਕਣ ਲਈ ਪੂਰੀ ਵਾਹ ਲਾਈ।  
ਕੈਪਟਨ ਨੇ ਇਸ ਮਾਮਲੇ 'ਚ ਹਾਈਕਮਾਨ ਦੇ ਫੈਸਲੇ ਦੇ ਨਾਲ ਚੱਲਣ ਦੀ ਗੱਲ ਆਖ ਦਿੱਤੀ ਹੈ ਪਰ ਕੀ ਕਾਂਗਰਸ ਹਾਈਕਮਾਨ, ਪਾਰਟੀ ਨੂੰ ਖੋਰਾ ਲਾਉਣ ਵਾਲੀ 'ਆਪ' ਨਾਲ ਹਥ ਮਿਲਾ ਸਕੇਗੀ? ਕੀ ਹਰ ਵੇਲੇ ਕਾਂਗਰਸ ਖਿਲਾਫ ਬੋਲਣ ਵਾਲੇ 'ਆਪ' ਆਗੂਆਂ ਨੂੰ ਕਾਂਗਰਸੀ ਲੀਡਰਸ਼ਿਪ ਅਪਨਾ ਸਕੇਗੀ ਤੇ ਕੀ 'ਆਪ' ਦੇ ਸਹਾਰੇ ਕਾਂਗਰਸ ਭਾਜਪਾ ਦੇ ਜੇਤੂ ਰੱਥ ਨੂੰ ਰੋਕ ਸਕੇਗੀ। ਇਹ ਕੁਝ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਲੋਕ ਸਭਾ ਚੋਣਾਂ ਦੇ ਵਕਤ ਹੀ ਮਿਲੇਗਾ।


Related News