ਸੁਰੇਸ਼ ਕੁਮਾਰ ਹੀ ਰਹਿਣਗੇ ਚੀਫ ਪ੍ਰਿੰਸੀਪਲ ਸੈਕਟਰੀ: ਕੈਪਟਨ

Sunday, Feb 04, 2018 - 12:38 PM (IST)

ਚੰਡੀਗੜ੍ਹ— ਕੈਪਟਨ ਸਰਕਾਰ ਦੇ ਚੀਫ ਪ੍ਰਿੰਸੀਪਲ ਸੈਕਟਰੀ ਰਹੇ ਸੁਰੇਸ਼ ਕੁਮਾਰ ਦੀ ਨਿਯੁਕਤੀ ਨੂੰ ਹਾਈਕੋਰਟ ਵੱਲੋਂ ਭਾਵੇਂ ਖਾਰਿਜ ਕਰ ਦਿੱਤਾ ਗਿਆ ਹੈ ਪਰ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਹਿ ਦਿੱਤਾ ਹੈ ਕਿ ਜਦੋਂ ਤੱਕ ਉਹ ਮੁੱਖ ਮੰਤਰੀ ਰਹਿਣਗੇ, ਉਦੋਂ ਤੱਕ ਸੁਰੇਸ਼ ਕੁਮਾਰ ਹੀ ਉਨ੍ਹਾਂ ਦੇ ਚੀਫ ਪਿੰ੍ਰਸੀਪਲ ਸੈਕਟਰੀ ਰਹਿਣਗੇ। ਉਹ ਉਨ੍ਹਾਂ ਨੂੰ ਇਸ ਅਹੁਦੇ 'ਤੇ ਫਿਰ ਤੋਂ ਬਹਾਲ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ-ਹਰਿਆਣਾ ਹਾਈਕੋਰਟ ਦੇ ਸਿੰਗਲ ਬੈਂਚ ਦੇ ਫੈਸਲੇ ਨੂੰ ਅਗਲੇ ਹਫਤੇ ਚੁਣੌਤੀ ਦੇਣ ਦੀ ਸਾਰੀ ਤਿਆਰੀ ਕਰ ਲਈ ਗਈ ਹੈ। ਆਪਣੇ ਹੀ ਹਲਕੇ ਅੰਮ੍ਰਿਤਸਰ 'ਚ ਪਸੰਦ ਦਾ ਮੇਅਰ ਨਾ ਲਗਾ ਪਾਉਣ ਨਾਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬਿਨਾਂ ਕਿਸੇ ਗੱਲ ਦੀ ਨਾਰਾਜ਼ਗੀ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੇਅਰਾਂ ਦੀ ਚੋਣ ਦਾ ਫੈਸਲਾ ਪਾਰਟੀ ਹਾਈਕਮਾਨ ਦੇ ਆਦੇਸ਼ 'ਤੇ ਮੈਨੂੰ, ਪ੍ਰਧਾਨ ਸੁਨੀਲ ਜਾਖੜ ਅਤੇ ਇੰਚਾਰਜ ਆਸ਼ਾ ਕੁਮਾਰੀ ਨੂੰ ਕਰਨਾ ਸੀ, ਉਂਝ ਹੀ ਕੀਤਾ ਗਿਆ। ਸਿੱਧੂ ਬਿਨਾਂ ਕਿਸੇ ਕਾਰਨ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਲੋਕਲ ਬਾਡੀ ਮੰਤਰੀ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਜਿਸ ਨੂੰ ਚਾਹੁਣ ਮੇਅਰ ਲਗਵਾਉਣ। 
ਉਨ੍ਹਾਂ ਨੇ ਕਿਹਾ ਕਿ 40 ਮਹਿਕਮਿਆਂ ਦਾ ਭਾਰ ਉਹ ਹੋਰ ਜ਼ਿਆਦਾ ਦੇਰ ਤੱਕ ਨਹੀਂ ਚੁੱਕ ਸਕਦੇ ਹਨ ਇਸ ਲਈ ਅਗਲੇ ਮਹੀਨੇ ਬਜਟ ਤੋਂ ਪਹਿਲਾਂ ਹੀ ਮੰਤਰੀਮੰਡਲ ਦਾ ਵਿਸਥਾਰ ਕਰਕੇ ਉਹ ਆਪਣਾ ਬੋਝ ਹਲਕਾ ਕਰਨਗੇ। 6 ਮਾਰਚ ਨੂੰ ਸਰਕਾਰ ਦੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਪਹਿਲੇ ਹਫਤੇ 'ਚ ਹੀ ਮੰਤਰੀਮੰਡਲ ਦੇ ਵਿਸਥਾਰ ਦੇ ਨਾਲ ਮੌਜੂਦਾ ਮੰਤਰੀਆਂ ਦੇ ਵਿਭਾਗਾਂ 'ਚ ਹੀ ਭਾਰੀ ਫੇਰਬਦਲ ਦੇ ਸੰਕੇਤ ਕੈਪਟਨ ਨੇ ਦਿੱਤੇ ਹਨ। ਉਨ੍ਹਾਂ ਨੇ ਮੰਨਿਆ ਕਿ ਕਰੀਬ ਸਾਲ ਭਰ ਤੋਂ 40 ਮਹਿਕਮਿਆਂ ਦਾ ਕਾਰਜਭਾਰ ਉਨ੍ਹਾਂ ਦੇ ਕੋਲ ਰਹਿਣ ਨਾਲ ਬਹੁਤ ਕੰਮਾਂ 'ਚ ਦੇਰੀ ਹੋਈ ਹੈ। 
ਉਥੇ ਹੀ ਕੈਪਟਨ ਨੇ ਕਿਹਾ ਕਿ 17 ਫਰਵਰੀ ਤੋਂ 23 ਫਰਵਰੀ ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਦੌਰੇ 'ਤੇ ਆ ਰਹੇ ਹਨ। ਉਨ੍ਹਾਂ ਦਾ ਇਕ ਦਿਨ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਵੀ ਹੈ। ਪੰਜਾਬ ਦੌਰੇ ਦੌਰਾਨ ਉਹ ਟਰੂਡੋ ਨਾਲ ਮੁਲਾਕਾਤ ਕਰਨਗੇ ਪਰ ਉਨ੍ਹਾਂ ਦੇ ਨਾਲ ਆ ਰਹੇ ਉਥੋਂ ਦੇ ਗ੍ਰਹਿ ਮੰਤਰੀ ਸੱਜਨ ਸਿੰਘ ਨਾਲ ਕਿਸੇ ਵੀ ਹਾਲ 'ਚ ਨਹੀਂ ਮਿਲਣਗੇ। ਇਸ ਦਾ ਕਾਰਨ ਗ੍ਰਹਿ ਮੰਤਰੀ ਸੱਜਨ ਸਿੰਘ ਦੇ ਸੰਬੰਧ ਗਰਮ ਖਿਆਲੀਆਂ ਨਾਲ ਰਹੇ ਹਨ। ਇਸ ਲਈ ਕੈਪਟਨ ਉਨ੍ਹਾਂ ਦਾ ਬਾਇਕਾਟ ਕਰਨਗੇ।


Related News