ਮੋਗਾ ਜ਼ਿਲ੍ਹੇ ਦੇ ਕਈ ਕਾਂਗਰਸੀਆਂ ''ਤੇ ''ਕੈਪਟਨ'' ਦੀ ਅੱਖ, ਕਈ ਆਗੂ ਬਦਲ ਸਕਦੇ ਨੇ ਰਾਜਸੀ ''ਪਾਲਾ''
Monday, Dec 20, 2021 - 10:52 AM (IST)
ਮੋਗਾ (ਗੋਪੀ ਰਾਊਕੇ) : ਅਗਾਮੀ ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸੂਬੇ ਭਰ ਵਿਚ ਸਰਦੀ ਦੇ ਦਿਨਾਂ ਦੌਰਾਨ ਸਿਆਸੀ ਪਾਰਾ ਚੜ੍ਹਨ ਲੱਗਾ ਹੈ, ਉੱਥੇ ਦੂਜੇ ਪਾਸੇ ਮਾਲਵਾ ਖਿੱਤੇ ਦੀ ਧੁੰਨੀ ਵੱਜੋਂ ਜਾਣੇ ਜਾਂਦੇ ਮੋਗਾ ਜ਼ਿਲ੍ਹੇ ਵਿਚ ਪੰਜਾਬ ਲੋਕ ਕਾਂਗਰਸ ਨੂੰ ਸਿਆਸੀ ਪੱਖੋਂ ਪੈਰਾਂ ਸਿਰ ਕਰਨ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਸਿਆਸੀ ਆਗੂਆਂ ’ਤੇ ‘ਅੱਖ’ ਰੱਖ ਲਈ ਹੈ। ਭਾਵੇਂ ਕੁੱਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੀ ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਵਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਰਾਜਸੀ ਪੈਂਤੜਾ ਖ਼ੇਡਿਆ ਸੀ, ਪਰ ਮੋਗਾ ਦੇ ਗੁਆਂਢੀ ਜ਼ਿਲ੍ਹਿਆਂ ਫਰੀਦਕੋਟ ਅਤੇ ਫਿਰੋਜ਼ਪੁਰ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਗਾ ਕੇ ਐਂਟਰੀ ਮਾਰ ਦਿੱਤੀ ਹੈ, ਪਰ ਮੋਗਾ ਜ਼ਿਲ੍ਹੇ ਵਿਚ ਲੋਕ ਕਾਂਗਰਸ ਦੇ ਪ੍ਰਧਾਨ ਦੀ ਨਿਯੁਕਤੀ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਕਈ ਆਗੂਆਂ ਦੇ ਤਾਲਮਾਲ ਵਿਚ ਦੱਸੇ ਜਾ ਰਹੇ ਹਨ।
ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਪਾਰਟੀ ਦੇ ਕਈ ਆਗੂ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਲੱਗਣ ਲਈ ਕਸਮਕਸ਼ ਚੱਲ ਰਹੀ ਹੈ। ਪਤਾ ਲੱਗਾ ਹੈ ਕਿ ਜਨਵਰੀ 2022 ਦੇ ਪਹਿਲੇ ਹਫ਼ਤੇ ਜਦੋਂ ਚੋਣ ਜ਼ਾਬਤਾ ਲੱਗ ਜਾਵੇਗਾ ਤਾਂ ਕਈ ਸਿਆਸੀ ਆਗੂ ਰਾਜਸੀ ਪਾਲਾ ਬਦਲ ਕੇ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਸੂਤਰ ਦੱਸਦੇ ਹਨ ਕਿ ਪੰਜਾਬ ਲੋਕ ਕਾਂਗਰਸ, ਸਯੁੰਕਤ ਅਕਾਲੀ ਦਲ ਅਤੇ ਭਾਜਪਾ ਵੱਲੋਂ ਜੇਕਰ ਚੋਣ ਲੜ੍ਹੀ ਜਾਂਦੀ ਹੈ ਤਾਂ ਨਿਹਾਲ ਸਿੰਘ ਵਾਲਾ ਸੀਟ ਸਯੁੰਕਤ ਅਕਾਲੀ ਦਲ, ਧਰਮਕੋਟ ਅਤੇ ਬਾਘਾ ਪੁਰਾਣਾ ਲੋਕ ਕਾਂਗਰਸ ਅਤੇ ਮੋਗਾ ਭਾਜਪਾ ਦੇ ਹਿੱਸੇ ਜਾਂ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਕਿਹੜੇ ਆਗੂ ਲੋਕ ਕਾਂਗਰਸ ਦਾ ਪੱਲਾ ਫੜ੍ਹ ਕੇ ਆਪਣੀ ਪੁਰਾਣੀ ਪਾਰਟੀ ਕਾਂਗਰਸ ਨੂੰ ਸਿਆਸੀ ਠਿੱਬੀ ਲਗਾਉਣ ਲਈ ਮੈਦਾਨ ਵਿਚ ਨਿੱਤਰਦੇ ਹਨ।
ਇਹ ਵੀ ਪੜ੍ਹੋ : ਮਹਿੰਗਾਈ ਘੱਟ ਕਰਨ ਲਈ ਮੋਦੀ ਸਰਕਾਰ ਦਾ ਵੱਡਾ ਫ਼ੈਸਲਾ, 7 Commodities ਦੀ ਟ੍ਰੇਡਿੰਗ 'ਤੇ ਰੋਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ