ਕੈਪਟਨ ਵੱਲੋਂ ਸ਼ਹੀਦਾਂ ਦੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ

Monday, Jun 01, 2020 - 08:54 AM (IST)

ਕੈਪਟਨ ਵੱਲੋਂ ਸ਼ਹੀਦਾਂ ਦੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਰਾਖੀ ਖਾਤਰ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਦੇ ਅਗਲੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ 'ਚ ਬਣੀ ਉੱਚ ਤਾਕਤੀ ਕਮੇਟੀ ਦੀਆਂ ਸਿਫਰਾਸ਼ਾਂ ‘ਤੇ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ 'ਚ ਬਤੌਰ ਤਹਿਸੀਲਦਾਰ ਨਿਯੁਕਤ ਕੀਤੇ ਗਏ ਅੰਮ੍ਰਿਤਬੀਰ ਸਿੰਘ ਦੇ ਪਿਤਾ ਇੰਸਪੈਕਟਰ ਰਘਬੀਰ ਸਿੰਘ, ਜੋ ਕਿ ਅੰਮ੍ਰਿਤਸਰ ਜ਼ਿਲੇ ਦੇ ਸਠਿਆਲਾ ਨਾਲ ਸਬੰਧਤ ਸਨ ਅਤੇ 1991 'ਚ ਸੀ. ਆਰ. ਪੀ. ਐਫ 'ਚ ਭਰਤੀ ਹੋਏ ਸਨ, ਛੱਤੀਸਗੜ ਦੇ ਜ਼ਿਲ੍ਹਾ ਸੁਕਮਾ 'ਚ ਨਕਸਲੀਆਂ ਨਾਲ ਲੜਦਿਆਂ 24 ਅਪ੍ਰੈਲ, 2017 ਨੂੰ ਸ਼ਹੀਦ ਹੋ ਗਏ ਸਨ। ਉਹ ਉੱਚ ਕੋਟੀ ਦੇ ਅਥਲੀਟ ਸਨ ਅਤੇ ਕੌਮੀ ਪੱਧਰ ‘ਤੇ ਉਨਾਂ ਕਈ ਤਮਗ਼ੇ ਜਿੱਤੇ ਸਨ।
ਤਨਵੀਰ ਕੌਰ ਨੂੰ ਮਾਲ ਵਿਭਾਗ 'ਚ ਬਤੌਰ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ। ਤਨਵੀਰ ਕੌਰ ਦੇ ਪਤੀ ਮੇਜਰ ਰਵੀ ਇੰਦਰ ਸਿੰਘ ਸਾਲ 2003 'ਚ ਐਨ. ਡੀ. ਏ ਖਡਕਵਾਸਲਾ 'ਚ ਦਾਖਲ ਹੋਏ ਸਨ ਅਤੇ 2007 'ਚ ਸਿਗਨਲ ਕੋਰ 'ਚ ਉਹ ਕਮਿਸ਼ਨਡ ਅਫਸਰ ਬਣੇ ਸਨ। ਉਨ੍ਹਾਂ ਦੀ ਜੰਮੂ-ਕਸ਼ਮੀਰ ਦੇ ਵਿਦਰੋਹ ਵਾਲੇ ਖੇਤਰਾਂ 'ਚ ਵੀ ਦੋ ਵਾਰ ਤਾਇਨਾਤੀ ਰਹੀ ਸੀ। ਮੇਜਰ ਰਵੀ ਇੰਦਰ ਸਿੰਘ ਦੱਖਣੀ ਸੁਡਾਨ 'ਚ ਯੂ. ਐਨ ਮਿਸ਼ਨ 'ਚ ਸੇਵਾਵਾਂ ਦਿੰਦਿਆਂ ਸ਼ਹੀਦ ਹੋ ਗਏ ਸਨ ਅਤੇ ਦਲੇਰੀ ਨਾਲ ਡਿਊਟੀ ਨਿਭਾਉਣ ਅਤੇ ਕੁਰਬਾਨੀ ਦੇ ਸਤਿਕਾਰ ਵਜੋਂ ਸੰਯੁਕਤ ਰਾਸ਼ਟਰ ਵੱਲੋਂ ਉਨਾਂ ਨੂੰ ‘ਡੈਗ ਹਮਰਕਸਜੋਲਡ ਮੈਡਲ’ ਐਵਾਰਡ ਦਿੱਤਾ ਗਿਆ ਸੀ। ਨਿਯੁਕਤ ਹੋਣ ਵਾਲਿਆਂ 'ਚ ਸ੍ਰੀਮਤੀ ਅਕਵਿੰਦਰ ਕੌਰ ਬਤੌਰ ਨਾਇਬ ਤਹਿਸੀਲਦਾਰ, ਆਸਥਾ ਗਰਗ ਬਤੌਰ ਆਬਕਾਰੀ ਤੇ ਕਰ ਅਫਸਰ, ਮਲਕੀਤ ਕੌਰ ਬਤੌਰ ਲਾਇਬ੍ਰੇਰੀ ਸੰਭਾਲ ਕਰਤਾ (ਰੀਸਟੋਰਰ), ਤਨਵੀਰ ਕੌਰ ਬਤੌਰ ਤਹਿਸੀਲਦਾਰ, ਅਮਨਦੀਪ ਸੁਰੱਖਿਆ ਸੇਵਾਵਾਂ ਭਲਾਈ ਵਿਭਾਗ 'ਚ ਬਤੌਰ ਕਲਰਕ, ਗੁਰਪਾਲ ਸਿੰਘ ਲੋਕ ਨਿਰਮਾਣ ਵਿਭਾਗ (ਇਲੈਕਟ੍ਰੀਕਲ) 'ਚ ਬਤੌਰ ਜੂਨੀਅਰ ਇੰਜਨੀਅਰ, ਰਾਧਾ ਰਾਣੀ ਬਤੌਰ ਸਹਿਕਾਰੀ ਸਭਾਵਾਂ ਵਿੱਚ ਇੰਸਪੈਕਟਰ ਅਤੇ ਅੰਮ੍ਰਿਤਬੀਰ ਸਿੰਘ ਬਤੌਰ ਤਹਿਸੀਲਦਾਰ ਸ਼ਾਮਲ ਹਨ।
ਆਸਥਾ ਗਰਗ ਨੂੰ ਬਤੌਰ ਆਬਕਾਰੀ ਤੇ ਕਰ ਅਫਸਰ ਨਿਯੁਕਤ ਕੀਤਾ ਗਿਆ। ਉਸ ਦੇ ਪਤੀ  ਫਲਾਈਟ ਲੈਫਟੀਨੈਂਟ ਮੋਹਿਤ ਗਰਗ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਨਾਲ ਸਬੰਧਤ ਸਨ। ਪੀ.ਪੀ.ਐਸ ਨਾਭਾ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਉਨਾਂ 2009 'ਚ ਐਨ. ਡੀ. ਏ ਖਡਕਵਾਸਲਾ ਵਿਖੇ ਦਾਖਲਾ ਲਿਆ ਸੀ ਅਤੇ 2014 'ਚ ਭਾਰਤੀ ਹਵਾਈ ਸੈਨਾ 'ਚ ਬਤੌਰ ਪਾਇਲਟ ਕਮਿਸ਼ਨ ਹਾਸਲ ਕੀਤਾ ਸੀ। ਇਸ ਅਧਿਕਾਰੀ ਦੀ ਉਸ ਵਕਤ ਮੌਤ ਹੋ ਗਈ ਸੀ, ਜਦੋਂ ਏ. ਐਨ 32 ਜਹਾਜ਼, ਜਿਸ ਨੂੰ ਉਹ ਚਲਾ ਰਹੇ ਸਨ, ਅਰੁਣਾਚਲ ਪ੍ਰਦੇਸ਼ ਦੇ ਉੱਚ ਪਹਾੜੀ ਖੇਤਰਾਂ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਕਾਂਸਟੇਬਲ (ਜੀ. ਡੀ) ਮੁਖਤਿਆਰ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਫੱਤੂਵਾਲਾ ਨਾਲ ਸਬੰਧਤ ਸਨ ਅਤੇ ਉਹ ਸਾਲ 2000 'ਚ ਸੀਮਾ ਸੁਰੱਖਿਆ ਬਲ 'ਚ ਭਰਤੀ ਹੋਏ ਸਨ। ਉਹ 15 ਜੁਲਾਈ 2018 ਨੂੰ ਛੱਤੀਸਗੜ ਦੀ ਸਬ ਡਿਵੀਜ਼ਨ ਪਖਨਜੁਰੇ 'ਚ ਨਕਸਲੀਆਂ ਨਾਲ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਕੁਰਬਾਨੀ ਨੂੰ ਵੇਖਦਿਆਂ ਮਲਕੀਤ ਕੌਰ ਨੂੰ ਸਿੱਖਿਆ ਵਿਭਾਗ 'ਚ ਬਤੌਰ ਲਾਇਬ੍ਰੇਰੀ ਸੰਭਾਲ ਕਰਤਾ (ਰੀਸਟੋਰਰ) ਦੀ ਨਿਯੁਕਤੀ ਦਿੱਤੀ ਗਈ ਹੈ।
ਗੁਰਪਾਲ ਸਿੰਘ, ਜੋ ਕਿ ਸ਼ਹੀਦ ਰਾਈਫਲਮੈਨ ਸੁਖਵਿੰਦਰ ਸਿੰਘ ਦੇ ਭਰਾ ਹਨ, ਨੂੰ ਲੋਕ ਨਿਰਮਾਣ ਵਿਭਾਗ (ਇਲੈਕਟ੍ਰੀਕਲ) 'ਚ ਬਤੌਰ ਜੂਨੀਅਰ ਇੰਜਨੀਅਰ ਨਿਯੁਕਤ ਕੀਤਾ ਗਿਆ ਹੈ। ਰਾਈਫਲਮੈਨ ਸੁਖਵਿੰਦਰ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਫਤਹਿਪੁਰ ਵਿਖੇ ਹੋਇਆ ਸੀ ਅਤੇ ਉਹ 2017 'ਚ ਜੇ. ਏ. ਕੇ ਰਾਈਫਲਜ਼ 'ਚ ਭਰਤੀ ਹੋਏ ਸਨ। ਉਹ 16 ਦਸੰਬਰ, 2019 ਨੂੰ ਜੰਮੂ-ਕਸ਼ਮੀਰ ਦੇ ਸੁੰਦਰਬਨੀ ਖੇਤਰ 'ਚ ਸੀਮਾਂ ‘ਤੇ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ। ਰਾਧਾ ਰਾਣੀ, ਜੋ ਕਿ ਗਰਨੇਡੀਅਰ ਸੰਜੇ ਕੁਮਾਰ ਦੇ ਭੈਣ ਹਨ, ਨੂੰ ਰਜਿਸਟ੍ਰਾਰ ਸਹਿਕਾਰੀ ਸਭਾਵਾਂ 'ਚ ਬਤੌਰ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ। ਸੰਜੇ ਕੁਮਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਰਾਜਵਾਲ ਨਾਲ ਸਬੰਧਤ ਸਨ ਅਤੇ ਉਨ੍ਹਾਂ 10 ਅਕਤੂਬਰ, 2012 ਨੂੰ 5 ਗਰੇਨੇਡੀਅਰਜ਼ 'ਚ ਜੁਆਇੰਨ ਕੀਤਾ ਸੀ। ਹਥਿਆਰਾਂ ਨਾਲ ਫਾਇਰਿੰਗ ਅਭਿਆਸ ਕਰਦਿਆਂ 9 ਅਪ੍ਰੈਲ, 2019 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ।
ਗਨਰ ਲੇਖ ਰਾਜ ਦਾ ਜਨਮ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸ਼ਾਜਰਾਣਾ ਵਿਖੇ 1990 'ਚ ਹੋਇਆ ਸੀ। ਉਨ੍ਹਾਂ ਨੇ ਸਾਲ 2011 'ਚ 332 ਮੀਡੀਅਮ ਰੈਂਜੀਮੈਂਟ ਜੁਆਇੰਨ ਕੀਤੀ ਸੀ। ਉਹ 7 ਅਗਸਤ, 2018 ਨੂੰ ਅਰੁਣਾਂਚਲ ਪ੍ਰਦੇਸ਼ ਵਿਖੇ ਸੀਮਾਂ ਰੇਖਾ ‘ਤੇ ਗਸ਼ਤ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਸ਼ਹੀਦ ਦੇ ਭਰਾ ਅਮਨਦੀਪ ਨੂੰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ 'ਚ ਬਤੌਰ ਕਲਰਕ ਨਿਯੁਕਤ ਕੀਤਾ ਗਿਆ ਹੈ। ਸ਼ਹੀਦ ਨਾਇਕ ਮਨਵਿੰਦਰ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਘੋਨੇਵਾਲ ਨਾਲ ਸਬੰਧਤ ਸਨ ਅਤੇ ਉਨ੍ਹਾਂ ਨੇ 2008 'ਚ 3 ਪੰਜਾਬ 'ਚ ਨੰਬਰ ਹਾਸਲ ਕੀਤਾ ਸੀ। ਉਹ ਨਵੰਬਰ 18, 2019 ਨੂੰ ਸਿਆਚਿਨ ਗਲੇਸ਼ੀਅਰ ਦੇ ਉੱਚ ਖੇਤਰਾਂ 'ਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਇਸ ਕੁਰਬਾਨੀ ਨੂੰ ਮਾਨਤਾ ਦਿੰਦਿਆਂ ਸ਼ਹੀਦ ਨਾਇਕ ਦੀ ਪਤਨੀ ਅਕਵਿੰਦਰ ਕੌਰ ਨੂੰ ਮਾਲ ਵਿਭਾਗ 'ਚ ਬਤੌਰ ਨਾਇਬ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ।


author

Babita

Content Editor

Related News