ਅਕਾਲੀ ਦਲ ਤੇ ਆਪ ਨੂੰ ਕੈਪਟਨ ਦੀਆਂ ਖਰੀਆਂ-ਖਰੀਆਂ

Wednesday, Mar 18, 2020 - 04:42 PM (IST)

ਅਕਾਲੀ ਦਲ ਤੇ ਆਪ ਨੂੰ ਕੈਪਟਨ ਦੀਆਂ ਖਰੀਆਂ-ਖਰੀਆਂ

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਪੰਜਾਬ ਸ਼ਾਨ ਨਾਲ ਤਰੱਕੀ ਤੇ ਖੁਸ਼ਹਾਲੀ ਨਾਲ ਅੱਗੇ ਵਧੇਗਾ, ਜੇ ਉਨ੍ਹਾਂ ਨੂੰ ਇਕ ਕਾਰਜਕਾਲ ਲਈ ਹੋਰ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਕਮਜ਼ੋਰ ਵਿਰੋਧੀਆਂ ਅਤੇ ਆਪਣੇ ਕੀਤੇ ਕੰਮਾਂ ਸਦਕਾ ਕਾਂਗਰਸ ਪਾਰਟੀ ਦਾ ਸੱਤਾ 'ਚ ਦੁਬਾਰਾ ਆਉਣਾ ਯਕੀਨੀ ਹੈ ਅਤੇ ਸੂਬੇ ਨੂੰ ਪ੍ਰਗਤੀ ਦੇ ਨਵੇਂ ਦੌਰ 'ਚ ਲਿਜਾਇਆ ਜਾਵੇਗਾ। ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਇਕ ਸੰਮੇਲਨ ਦੌਰਾਨ ਚਰਚਾ 'ਚ ਹਿੱਸਾ ਲੈਂਦਿਆ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਆਪਣਾ ਆਧਾਰ ਗੁਆ ਬੈਠੇ ਹਨ, ਜਦੋਂਕਿ ਆਮ ਆਦਮੀ ਪਾਰਟੀ ਸੂਬੇ 'ਚ ਪੂਰੀ ਤਰ੍ਹਾਂ ਉਲਝਣ ਹੇਠ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਕੋਲ ਇਸ ਵੇਲੇ ਲੀਡਰਸ਼ਿਪ ਨਹੀਂ ਹੈ ਕਿਉਂਕਿ ਬਾਦਲਾਂ ਨੇ ਕਦੇ ਹੋਰ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ। 'ਆਪ' ਦੀ 2017 'ਚ ਪੂਰੀ ਤਰ੍ਹਾਂ ਹਵਾ ਸੀ ਪਰ ਉਹ ਇਸ ਨੂੰ ਜਿੱਤ 'ਚ ਬਦਲਣ 'ਚ ਨਾਕਾਮ ਰਹੀ।

ਇਹ ਵੀ ਪੜ੍ਹੋ  ► 'ਕੈਪਟਨ' ਦਾ ਪੰਜਾਬ ਦੀ ਕਿਸਾਨੀ ਲਈ ਕੇਂਦਰ 'ਤੇ ਨਿਸ਼ਾਨਾ

ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਕਾਂਗਰਸ ਸੱਤਾ 'ਚ ਦੁਬਾਰਾ ਵਾਪਸੀ ਕਰਦੀ ਹੈ ਤਾਂ ਅਗਲੇ 7 ਸਾਲਾਂ 'ਚ ਪੰਜਾਬ ਆਪਣੀ ਗੁਆਚੀ ਹੋਈ ਸ਼ਾਨ ਬਹਾਲ ਕਰਦਾ ਹੋਇਆ ਦੇਸ਼ ਦਾ ਨੰਬਰ ਇਕ ਸੂਬਾ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਮਿਹਨਤਕਸ਼ ਕੌਮ ਹੈ ਅਤੇ ਜੇਕਰ ਇਨ੍ਹਾਂ ਨੂੰ ਸਹੀ ਰਾਸਤਾ ਦਿਖਾ ਦਿੱਤਾ ਜਾਵੇ ਤਾਂ ਉਹ ਕੋਈ ਵੀ ਕ੍ਰਿਸ਼ਮਾ ਕਰਨ ਦੀ ਸਮਰੱਥਾ ਰੱਖਦੇ ਹਨ। ਮੁੱਖ ਮੰਤਰੀ ਨੇ ਅਗਲੀਆਂ ਵਿਧਾਨ ਸਭਾ ਦੀ ਚੋਣਾਂ ਲੜਨ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਇਹ ਵਿਚਾਰ ਸੀ ਕਿ ਪੰਜ ਸਾਲ ਸੂਬੇ ਨੂੰ ਮੁੜ ਖੁਸ਼ਹਾਲ ਕਰਨ ਲਈ ਕਾਫੀ ਹਨ ਪਰ ਹਾਲਾਤ ਇੰਨੇ ਮਾੜੇ ਸਨ ਕਿ ਉਨ੍ਹਾਂ ਦੀ ਸਰਕਾਰ ਨੂੰ ਹੋਰ ਸਮਾਂ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਹਾਲਾਂਕਿ ਸੂਬੇ ਦੇ ਵਿੱਤੀ ਹਾਲਾਤ ਬਿਹਤਰ ਹੋ ਰਹੇ ਹਨ, ਪਰ ਫੇਰ ਵੀ ਸੂਬਾ ਸਰਕਾਰ ਵਿੱਤੀ ਸੰਕਟਾਂ 'ਚੋਂ ਗੁਜ਼ਰ ਰਿਹਾ ਹੈ ਅਤੇ ਹੋਰ ਸਮਝਦਾਰੀ ਨਾਲ ਕੰਮ ਕਰਨ ਦੀ ਲੋੜ ਹੈ।
ਉਨ੍ਹਾਂ ਅਗਲੇ ਦੋ ਸਾਲਾਂ 'ਚ ਆਪਣੀ ਸਰਕਾਰ ਵਲੋਂ ਮੈਨੀਫੈਸਟੋ ਦੇ ਸਾਰੇ ਵਾਅਦੇ ਪੂਰੇ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਮੈਂ ਹਰੇਕ ਪੰਜਾਬੀ ਦੇ ਚਿਹਰੇ 'ਤੇ ਮੁਸਕਰਾਹਟ ਦੇਖਣਾ ਚਾਹੁੰਦਾ ਹਾਂ।

ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਸੂਬੇ ਦੇ ਬੁਨਿਆਦੀ ਢਾਂਚੇ 'ਚ ਸ਼ਲਾਘਾਯੋਗ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜ਼ਮੀਨੀ ਪੱਧਰ 'ਤੇ 58000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਦਾ ਅਸਲ ਸਕਰਾਤਮਕ ਅਸਰ ਆਉਣ ਵਾਲੇ ਸਾਲਾਂ 'ਚ ਨਜ਼ਰ ਆਵੇਗਾ। ਪਾਕਿਸਤਾਨ ਦੇ ਰਾਸਤੇ ਮੱਧ ਏਸ਼ੀਆ ਤੇ ਮੱਧ ਪੂਰਬ ਏਸ਼ੀਆ ਨਾਲ ਕੌਮਾਂਤਰੀ ਵਪਾਰ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਵੀ ਇਹੋ ਚਾਹੁੰਦੇ ਹਨ ਪਰ ਮੌਜੂਦਾ ਰਾਜਸੀ ਹਾਲਤਾਂ ਨੂੰ ਦੇਖਦਿਆਂ ਇਹ ਸੰਭਵ ਨਹੀਂ ਲੱਗਦਾ। ਨਵਜੋਤ ਸਿੰਘ ਸਿੱਧੂ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਮਿਲੇ ਨਹੀਂ ਹੈ ਪਰ ਸਾਬਕਾ ਮੰਤਰੀ ਨੇ ਕਿਹਾ ਸੀ ਕਿ ਉਹ ਕਾਂਗਰਸ ਪਾਰਟੀ 'ਚ ਬਣੇ ਰਹਿਣ ਲਈ ਵਚਨਬੱਧ ਹਨ ਅਤੇ ਹਾਈ ਕਮਾਨ ਨੇ ਫੈਸਲਾ ਕਰਨਾ ਹੈ ਕਿ ਉਸ ਦੀਆ ਸੇਵਾਵਾਂ ਦੀ ਕਿਵੇਂ ਵਧੀਆ ਵਰਤੋਂ ਕਰਨੀ ਹੈ।

ਇਹ ਵੀ ਪੜ੍ਹੋ  ► ਐੱਸ. ਜੀ. ਪੀ. ਸੀ. ਦਾ ਵੱਡਾ ਫੈਸਲਾ, ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਸਕਰੀਨਿੰਗ ਸ਼ੁਰੂ

ਇਹ ਵੀ ਪੜ੍ਹੋ  ► ਕੋਰੋਨਾ ਵਾਇਰਸ ਦੀ ਅਫਵਾਹ ਨੇ ਗੁਰਦਾਸਪੁਰ 'ਚ ਪਾਇਆ ਭੜਥੂ     

 


author

Anuradha

Content Editor

Related News