ਕਸ਼ਮੀਰ ਘਟਨਾਚੱਕਰ ਨੂੰ ਦੇਖਦੇ ਹੋਏ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ : ਕੈਪਟਨ

Tuesday, Oct 29, 2019 - 02:42 PM (IST)

ਕਸ਼ਮੀਰ ਘਟਨਾਚੱਕਰ ਨੂੰ ਦੇਖਦੇ ਹੋਏ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ : ਕੈਪਟਨ

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਿਵਲ ਅਤੇ ਪ੍ਰਸ਼ਾਸਨਿਕ ਕੰਮਾਂ ਨੂੰ ਸੁਰੱਖਿਆ ਬਲਾਂ ਦੇ ਨਾਲ ਬਿਹਤਰ ਤਾਲਮੇਲ ਕਰਦਿਆਂ ਤੇ ਚੌਕਸ ਰਹਿੰਦਿਆਂ ਹੋਇਆਂ ਕਸ਼ਮੀਰ ਘਟਨਾਚੱਕਰ ਨੂੰ ਦੇਖਦੇ ਹੋਏ ਸਰਹੱਦ ਪਾਰ ਤੋਂ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੀਆਂ ਨਵੀਆਂ ਸ਼ੁਰੂ ਹੋਈਆਂ ਸਾਜ਼ਿਸ਼ਾਂ ਨੂੰ ਅਸਫਲ ਬਣਾਉਣਾ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਆਈ. ਏ. ਐੱਸ. ਅਧਿਕਾਰੀ ਐਸੋ. ਨੂੰ ਆਪਣੀ ਸਰਕਾਰੀ ਰਿਹਾਇਸ਼ ਵਿਖੇ ਰਾਤਰੀ ਭੋਜ ਦਿੱਤਾ। ਕੈਪਟਨ ਨੇ ਇਸ ਮੌਕੇ ਕਿਹਾ ਕਿ ਸਿਵਲ ਅਧਿਕਾਰੀਆਂ ਨੂੰ ਨਾਗਰਿਕਾਂ ਦੀ ਸੁਰੱਖਿਆ ਲਈ ਸੁਰੱਖਿਆ ਏਜੰਸੀਆਂ ਨਾਲ ਡੂੰਘੇ ਤਾਲਮੇਲ ਨਾਲ ਅੱਗੇ ਵਧਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਕਿਸੇ ਵੀ ਕੀਮਤ 'ਤੇ ਪੰਜਾਬ ਅਤੇ ਭਾਈਚਾਰਕ ਏਕਤਾ ਨੂੰ ਭੰਗ ਨਹੀਂ ਹੋਣ ਦੇਵੇਗੀ। ਉਨ੍ਹਾਂ ਆਈ. ਏ. ਐੈੱਸ. ਅਧਿਕਾਰੀਆਂ ਦੀ ਭੂਮਿਕਾ 'ਤੇ ਬੋਲਦਿਆਂ ਕਿਹਾ ਕਿ ਮੌਜੂਦਾ ਸਮੇਂ 'ਚ ਉਨ੍ਹਾਂ ਹੋਰ ਵੀ ਅਹਿਮ ਜ਼ਿੰਮੇਵਾਰੀ ਨਿਭਾਉਣੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੂਰੀ ਤਰ੍ਹਾਂ ਅਲਰਟ ਰਹਿਣ ਅਤੇ ਸੁਰੱਖਿਆ ਏਜੰਸੀਆਂ ਨਾਲ ਕਰੀਬੀ ਸਬੰਧ ਬਣਾ ਕੇ ਚੱਲਣ। ਅਧਿਕਾਰੀ ਸੁਰੱਖਿਆ ਏਜੰਸੀਆਂ ਦੀਆਂ ਅੱਖਾਂ ਤੇ ਕੰਨ ਹੋਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਪਹਿਲੀ ਵਾਰ ਅਧਿਕਾਰੀਆਂ ਲਈ ਰਾਤਰੀ ਭੋਜ ਦਾ ਆਯੋਜਨ ਕੀਤਾ ਜਿਸ 'ਚ 100 ਤੋਂ ਵੱਧ ਅਧਿਕਾਰੀ ਸਿੱਧੇ ਤੌਰ 'ਤੇ ਮੁੱਖ ਮੰਤਰੀ ਨਾਲ ਰੂ-ਬ-ਰੂ ਵੀ ਹੋਏ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਨਾਗਰਿਕਾਂ ਦੀਆਂ ਲੋੜਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵਿਧਾਇਕਾਂ ਤੇ ਫੌਜੀਆਂ ਨਾਲ ਤਾਲਮੇਲ ਬਣਾ ਕੇ ਚੱਲਣ। ਉਨ੍ਹਾਂ ਹਥਿਆਰਬੰਦ ਫੌਜੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫੌਜੀਆਂ ਨੇ ਸ਼ਾਂਤੀ ਤੇ ਸੰਕਟ ਦੋਵੇਂ ਸਮੇਂ ਦੇਸ਼ ਦੀ ਅਹਿਮ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਫੌਜੀ ਨੂੰ ਖਾਲੀ ਹੱਥ ਵਾਪਸ ਨਹੀਂ ਭੇਜਿਆ ਜਾਣਾ ਚਾਹੀਦਾ। ਉਨ੍ਹਾਂ ਹਾਲ ਹੀ 'ਚ ਹੜ੍ਹ ਦੇ ਸਮੇਂ ਅਧਿਕਾਰੀਆਂ ਵਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੂੰ ਵਿਧਾਇਕਾਂ ਦੇ ਨਾਲ ਤਾਲਮੇਲ ਬਣਾ ਕੇ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਜਨਤਾ ਵਲੋਂ ਚੁਣੇ ਨੁਮਾਇੰਦੇ ਹੁੰਦੇ ਹਨ ਤੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਨਤਾ ਦੀਆਂ ਕੀ ਜ਼ਰੂਰਤਾਂ ਹਨ। ਇਸ ਮੌਕੇ ਐਸੋ. ਦੀ ਪ੍ਰਧਾਨ ਵਿੰਨੀ ਮਹਾਜਨ ਨੇ ਮੁੱਖ ਮੰਤਰੀ ਵਲੋਂ ਕੀਤੀ ਗਈ ਪਹਿਲ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਅਧਿਕਾਰੀਆਂ ਨੂੰ ਕਲਿਆਣਕਾਰੀ ਯੋਜਨਾਵਾਂ ਬਣਾਉਣ ਲਈ ਉਤਸਾਹਿਤ ਕਰਦੇ ਹਨ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੀ ਮੌਜੂਦ ਸਨ।


author

Anuradha

Content Editor

Related News