ਕੈਪਟਨ ਬੋਲੇ, ਨਤੀਜੇ ਸਰਕਾਰ ਦੀਆਂ ਨੀਤੀਆਂ ਨੂੰ ਫਤਵਾ

10/24/2019 6:18:16 PM

ਜਲੰਧਰ— 21 ਅਕਤੂਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਨ੍ਹਾਂ ਚਾਰੋਂ ਸੀਟਾਂ 'ਚੋਂ ਤਿੰਨ ਸੀਟਾਂ 'ਤੇ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਮੁਕੇਰੀਆਂ, ਫਗਵਾੜਾ ਅਤੇ ਜਲਾਲਾਬਾਦ ਦੀਆਂ ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਰਿਹਾ ਜਦਕਿ ਹਲਕਾ ਦਾਖਾ ਤੋਂ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। ਤਿੰਨ ਸੀਟਾਂ 'ਤੇ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ। ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਦੀ ਸਾਡੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਇਨ੍ਹਾਂ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਸਾਡੇ ਕੰਮ, ਸਾਡੀਆਂ ਨੀਤੀਆਂ ਤੋਂ ਸੰਤੁਸ਼ਟ ਹੋ। ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਮੈਨੂੰ ਯਕੀਨ ਹੈ ਕਿ ਤੁਸੀਂ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰੋਗੇ। 

PunjabKesari

ਕਾਂਗਰਸ ਲਈ ਸਭ ਤੋਂ ਅਹਿਮ ਗੱਲ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਿਲੇ ਜਲਾਲਾਬਾਦ ਨੂੰ ਫਤਹਿ ਕਰਨਾ ਹੈ। ਇਥੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੇ 16,633 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਨੂੰ ਹਰਾਇਆ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਫਗਵਾੜਾ ਸੀਟ ਭਾਜਪਾ ਤੋਂ ਖੋਹ ਲਈ ਹੈ। ਇਥੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਧਾਲੀਵਾਲ 26,116 ਵੋਟਾਂ ਨਾਲ ਜੇਤੂ ਰਹੇ। ਕਾਂਗਰਸ ਨੇ ਮੁਕੇਰੀਆਂ ਸੀਟ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। ਕਾਂਗਰਸੀ ਉਮੀਦਵਾਰ ਇੰਦੂ ਬਾਲਾ 3430 ਵੋਟਾਂ ਨਾਲ ਜੇਤੂ ਰਹੀ। ਅਕਾਲੀ ਦਲ ਨੇ ਦਾਖਾ ਦੀ ਸੀਟ ਮਨਪ੍ਰੀਤ ਇਆਲੀ ਨੇ ਕਾਂਗਰਸ ਨੂੰ ਪਛਾੜਦੇ ਹੋਏ 14,672 ਵੋਟਾਂ ਦੇ ਫਰਕ ਜਿੱਤ ਹਾਸਲ ਕੀਤੀ ਹੈ।


shivani attri

Content Editor

Related News