ਕੈਪਟਨ ਵਲੋਂ 5 ਪੁਲਸ ਮੁਲਾਜ਼ਮਾਂ ਦੀ ਰਿਹਾਈ ਲਈ ਅਮਿਤ ਸ਼ਾਹ ਦਾ ਧੰਨਵਾਦ

10/15/2019 9:54:35 AM

ਚੰਡੀਗੜ੍ਹ : ਅੱਤਵਾਦ ਦੇ ਦੌਰ ਸਮੇਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ 'ਚ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਪੁਲਸ ਦੇ ਪੰਜ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਵਲੋਂ ਰਿਹਾਅ ਕਰਨ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਆਗਤ ਕੀਤਾ ਹੈ। ਇਸ ਫ਼ੈਸਲੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਕੇਂਦਰ ਸਰਕਾਰ ਵੱਲੋਂ ਜੇਲ੍ਹਾਂ 'ਚ ਬੰਦ ਬਾਕੀ ਪੁਲਸ ਮੁਲਾਜ਼ਮਾਂ, ਜਿਨ੍ਹਾਂ ਦੀ ਮਨੁੱਖੀ ਆਧਾਰ 'ਤੇ ਰਿਹਾਈ ਲਈ ਉਨ੍ਹਾਂ ਨੇ ਕੇਂਦਰ ਨੂੰ ਪਿਛਲੇ ਮਹੀਨੇ ਬੇਨਤੀ ਕੀਤੀ ਸੀ, ਬਾਰੇ ਵੀ ਸਾਕਾਰਾਤਮਕ ਫ਼ੈਸਲਾ ਲਿਆ ਜਾਵੇਗਾ।    
ਤਕਰੀਬਨ 20 ਮੁਲਾਜ਼ਮਾਂ 'ਚੋਂ 5 ਨੂੰ ਸਜ਼ਾ ਵਿੱਚ ਵਿਸ਼ੇਸ਼ ਛੋਟ ਦੇਣ ਅਤੇ ਰਿਹਾਅ ਕਰਨ ਦੇ ਫ਼ੈਸਲੇ ਨੂੰ ਕੇਂਦਰੀ ਮੰਤਰੀ ਨੇ ਮਨੁੱਖਤਾਵਾਦੀ ਅਤੇ ਉਦਾਰਤਾ ਦੀ ਵਿਚਾਰਧਾਰਾਂ ਤੋਂ ਪ੍ਰੇਰਿਤ ਫ਼ੈਸਲਾ ਗਰਦਾਨਿਆ। ਇਹ ਫ਼ੈਸਲਾ ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ 9 ਸਿੱਖ ਕੈਦੀਆਂ ਸ਼ਜਾ 'ਚ ਛੋਟ ਦੇਣ ਦੇ ਫ਼ੈਸਲੇ ਦੇ ਕੁਝ ਦਿਨਾਂ ਬਾਅਦ ਆਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ ਵਿੱਚ ਸ਼ਾਹ ਨੂੰ ਪੱਤਰ ਲਿਖ ਕੇ 20 ਪੁਲਿਸ ਮੁਲਾਜ਼ਮਾਂਦੀ ਰਿਹਾਈ ਦੀ ਮੰਗ ਕੀਤੀ ਸੀ, ਜਿਸ 'ਚ ਉਨ੍ਹਾਂ ਤਰਕ ਦਿੱਤਾ ਕਿ ਸਰਹੱਦ ਪਾਰੋਂ ਫੈਲਾਏ ਅੱਤਵਾਦ ਨਾਲ ਲੜਦਿਆਂ ਇਨ੍ਹਾਂ ਵਿਅਕਤੀਆਂ ਨੇ ਪੰਜਾਬ ਅਤੇ ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਕੰਮ ਕੀਤਾ।


Babita

Content Editor

Related News