ਗੋਦਾਮਾਂ ਦੀ ਸਮਰੱਥਾ ਵਧਾਉਣ ਲਈ ਕੈਪਟਨ ਨੇ ਕੇਂਦਰ ਤੋਂ ਮੰਗੀ ਪ੍ਰਵਾਨਗੀ

Sunday, Jun 23, 2019 - 12:14 PM (IST)

ਗੋਦਾਮਾਂ ਦੀ ਸਮਰੱਥਾ ਵਧਾਉਣ ਲਈ ਕੈਪਟਨ ਨੇ ਕੇਂਦਰ ਤੋਂ ਮੰਗੀ ਪ੍ਰਵਾਨਗੀ

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰਾਲਾ ਨੂੰ ਪੰਜਾਬ 'ਚ ਅਨਾਜ ਨੂੰ ਸੰਭਾਲਣ ਲਈ 20 ਲੱਖ ਟਨ ਸਮਰੱਥਾ ਵਾਲੇ ਢੱਕੇ ਗੋਦਾਮਾਂ ਦੀ ਉਸਾਰੀ ਬਾਰੇ ਪ੍ਰਵਾਨਗੀ ਮੰਗੀ ਹੈ। ਮੁੱਖ ਮੰਤਰੀ ਨੇ ਇਸ ਸਬੰਧੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਪੰਜਾਬ 'ਚ ਪਿਛਲੇ ਕੁਝ ਸਮੇਂ ਤੋਂ ਕਣਕ ਅਤੇ ਝੋਨੇ ਦੀ ਬੰਪਰ ਫਸਲ ਹੋ ਰਹੀ ਹੈ। ਐੱਫ. ਸੀ. ਆਈ. ਵੱਲੋਂ ਮੱਠੀ ਰਫਤਾਰ ਨਾਲ ਪੰਜਾਬ ਦੇ ਗੋਦਾਮਾਂ 'ਚੋਂ ਅਨਾਜ ਨੂੰ ਚੁੱਕਿਆ ਜਾ ਰਿਹਾ ਹੈ। ਇਸ ਕਾਰਨ ਢੱਕੇ ਹੋਏ ਗੋਦਾਮਾਂ 'ਚ ਅਨਾਜ ਨੂੰ ਰੱਖਣਾ ਸੰਭਵ ਨਹੀਂ ਹੋ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਢੱਕੇ ਹੋਏ ਗੋਦਾਮਾਂ ਦੇ ਨਾ ਹੋਣ ਕਾਰਨ ਸੂਬਾ ਸਰਕਾਰ ਦੀਆਂ ਖਰੀਦ ਏਜੰਸੀਆਂ ਨੂੰ ਕਣਕ ਨੂੰ ਗੈਰ-ਵਿਗਿਆਨਕ ਢੰਗ ਨਾਲ ਵੱਖ-ਵੱਖ ਥਾਵਾਂ 'ਤੇ ਰੱਖਣਾ ਪੈ ਰਿਹਾ ਹੈ। ਇਸ ਕਾਰਨ ਕਈ ਵਾਰ ਅਨਾਜ ਖਰਾਬ ਹੋ ਜਾਂਦਾ ਹੈ। ਇਸ ਨੂੰ ਦੇਖਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਪੰਜਾਬ 'ਚ ਲਗਭਗ 20 ਲੱਖ ਟਨ ਦੀ ਸਮਰੱਥਾ ਵਾਲੇ ਨਵੇਂ ਗੋਦਾਮ ਬਣਾਉਣ ਦਾ ਮਾਮਲਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਅਗਲੇ ਖਰੀਦ ਮੌਸਮ ਤੋਂ ਪਹਿਲਾਂ ਨਵੇਂ ਗੋਦਾਮਾਂ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਜੇ ਤੱਕ ਕੇਂਦਰੀ ਮੰਤਰਾਲਾ ਕੋਲੋਂ ਗੋਦਾਮਾਂ ਦੀ ਉਸਾਰੀ ਬਾਰੇ ਪ੍ਰਵਾਨਗੀ ਨਹੀਂ ਮਿਲੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਅਗਲੇ ਖਰੀਦ ਮੌਸਮ ਤੋਂ ਪਹਿਲਾਂ ਵਿਗਿਆਨਕ ਢੰਗ ਨਾਲ ਫਸਲਾਂ ਨੂੰ ਸੰਭਾਲਣ ਦਾ ਪ੍ਰਬੰਧ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਉਹ ਜਲਦੀ ਹੀ ਕੇਂਦਰ ਸਰਕਾਰ ਕੋਲ ਉਠਾਉਣਗੇ। ਸੂਬੇ ਦੇ ਈ. ਐੱਸ. ਆਈ. ਹਸਪਤਾਲਾਂ 'ਚ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਸਹੂਲਤ ਰਜਿਸਟਰ ਮਜ਼ਦੂਰਾਂ ਅਤੇ ਹੋਰਨਾਂ ਉਸਾਰੀ ਦੇ ਕੰਮਾਂ 'ਚ ਲੱਗੇ ਮੁਲਾਜ਼ਮਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਈ. ਐੱਸ. ਆਈ. ਦੇ ਅਧਿਕਾਰੀਆਂ ਨੂੰ 30 ਜੂਨ ਤੋਂ ਪਹਿਲਾਂ ਸਭ ਜ਼ਰੂਰੀ ਟੈਸਟਾਂ ਲਈ ਇਕ ਛੱਤ ਹੇਠ ਜ਼ਰੂਰੀ ਸਿਹਤ ਸਮੱਗਰੀ ਅਤੇ ਮਸ਼ੀਨਰੀ ਦੀ ਖਰੀਦ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਕੈਪਟਨ ਨੇ ਕਿਹਾ ਕਿ ਇਸ ਸਬੰਧੀ ਕਿਸੇ ਤਰ੍ਹਾਂ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


author

shivani attri

Content Editor

Related News