'ਫਤਿਹਵੀਰ ਮਾਮਲੇ' 'ਚ ਖਹਿਰਾ ਨੇ ਕੈਪਟਨ 'ਤੇ ਕੱਢਿਆ ਗੁੱਸਾ
Wednesday, Jun 12, 2019 - 03:46 PM (IST)
ਚੰਡੀਗੜ੍ਹ (ਕਰਨ) : ਬੋਰਵੈੱਲ 'ਚ ਡਿਗਣ ਕਾਰਨ ਮਾਸੂਮ ਫਤਿਹਵੀਰ ਸਿੰਘ ਦੀ ਮੌਤ 'ਤੇ 'ਪੰਜਾਬ ਏਕਤਾ ਪਾਰਟੀ' ਦੇ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਆਪਣਾ ਗੁੱਸਾ ਕੱਢਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਬੁਰੀ ਤਰ੍ਹਾਂ ਖਰਾਬ ਹੋ ਰਿਹਾ ਹੈ ਪਰ ਕੈਪਟਨ ਸਾਹਿਬ ਨੂੰ ਆਪਣੀ ਮੌਜ-ਮਸਤੀ ਦੀ ਪਈ ਹੋਈ ਹੈ। ਉਨ੍ਹਾਂ ਇਸ ਮੌਕੇ ਮੋਦੀ ਸਰਕਾਰ 'ਤੇ ਵੀ ਵਰ੍ਹਦਿਆਂ ਕਿਹਾ ਕਿ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਕੈਪਟਨ ਅਤੇ ਮੋਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਅਤੇ ਸਰਕਾਰਾਂ ਦੀ ਨਾਲਾਇਕੀ ਕਾਰਨ ਪਰਿਵਾਰ ਤੋਂ ਫਤਿਹਵੀਰ ਦੂਰ ਚਲਾ ਗਿਆ ਹੈ।
ਇਸ ਮੌਕੇ ਖਹਿਰਾ ਨੇ ਕਿਹਾ ਕਿ ਪੰਜਾਬ 'ਚ ਪਾਣੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਪਰ ਪੰਜਾਬ ਦਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਪਾਣੀਆਂ ਨੂੰ ਲੈ ਕੇ ਕੋਈ ਫੈਸਲਾ ਨਹੀਂ ਕੀਤਾ ਗਿਆ ਤਾਂ ਉਹ ਹਰੀਕੇ ਹੈੱਡ 'ਤੇ ਜਾ ਕੇ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦਾ ਕਿਸਾਨ ਪਾਣੀ ਲਈ ਤਰਸ ਰਿਹਾ ਹੈ ਪਰ ਦੂਜੇ ਪਾਸੇ ਪਾਕਿਸਤਾਨ ਨੂੰ ਪੰਜਾਬ ਦਾ ਪਾਣੀ ਦਿੱਤਾ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ।