ਕੈਪਟਨ ਵਲੋਂ ਪੇਂਡੂ ਵਾਤਾਵਰਣ ਤੇ ਸੁਧਾਰ ਪ੍ਰੋਗਰਾਮ ਲਈ 1500 ਕਰੋੜ ਦਾ ਐਲਾਨ

Thursday, Jan 17, 2019 - 08:54 AM (IST)

ਕੈਪਟਨ ਵਲੋਂ ਪੇਂਡੂ ਵਾਤਾਵਰਣ ਤੇ ਸੁਧਾਰ ਪ੍ਰੋਗਰਾਮ ਲਈ 1500 ਕਰੋੜ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਲਈ ਸ਼ਹਿਰੀ ਅਤੇ ਪੇਂਡੂ ਵਾਤਾਵਰਣ ਸੁਧਾਰ ਪ੍ਰੋਗਰਾਮ ਦਾ ਐਲਾਨ ਕੀਤਾ, ਜੋ 1500 ਕਰੋੜ ਰੁਪਏ ਦੀ ਲਾਗਤ ਨਾਲ ਪੜਾਅਵਾਰ ਚਲਾਇਆ ਜਾਵੇਗਾ। ਕਾਂਗਰਸ ਪਾਰਟੀ ਦੇ ਮਾਝਾ ਖਿੱਤੇ ਦੇ ਵਿਧਾਇਕਾਂ ਅਤੇ ਸਰਕਾਰ ਦੇ ਉਚ ਅਧਿਕਾਰੀਆਂ ਨਾਲ ਬਜਟ ਤੋਂ ਪਹਿਲਾਂ ਵਿਚਾਰ-ਵਟਾਂਦਰੇ ਦੌਰਾਨ ਇਹ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਵਿਕਾਸ ਦੇ ਰਾਹ ਵਿੱਚ ਫੰਡ ਦੀ ਕਿਸੇ ਤਰ੍ਹਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ 1500 ਕਰੋੜ ਰੁਪਏ ਵਿੱਚੋਂ 1000 ਕਰੋੜ ਰੁਪਏ ਪੇਂਡੂ ਬੁਨਿਆਦੀ ਢਾਂਚੇ ਦੇ ਸੁਧਾਰ 'ਤੇ ਖਰਚੇ ਜਾਣਗੇ, ਜਦਕਿ ਬਾਕੀ 500 ਕਰੋੜ ਰੁਪਏ ਸ਼ਹਿਰੀ ਬੁਨਿਆਦੀ ਢਾਂਚੇ ਲਈ ਵਰਤਿਆ ਜਾਵੇਗਾ ਤਾਂ ਕਿ ਨਾਗਰਿਕਾਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਸਕੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇੱਥੇ ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਦੌਰਾਨ ਮਾਝਾ ਖਿੱਤੇ ਦੇ ਵਿਧਾਇਕਾਂ ਨੇ ਆਪੋ-ਆਪਣੇ ਹਲਕੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਬਜਟ ਤਜਵੀਜ਼ਾਂ 'ਤੇ ਆਪਣੇ ਵਿਚਾਰ ਰੱਖੇ।
ਸੂਬਾ ਸਰਕਾਰ ਵੱਲੋਂ ਮਾਝਾ, ਦੋਆਬਾ, ਮਾਲਵਾ-1 ਅਤੇ ਮਾਲਵਾ-2 ਦੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨਾਲ ਸਲਾਹ-ਮਸ਼ਵਰੇ ਦਾ ਚਾਰ ਪੜਾਵੀ ਪ੍ਰੋਗਰਾਮ ਉਲੀਕਿਆ ਗਿਆ ਹੈ। ਪ੍ਰੋਗਰਾਮ ਮੁਤਾਬਕ ਵੀਰਵਾਰ ਨੂੰ ਦੋਆਬੇ ਦੇ ਵਿਧਾਇਕਾਂ, ਸ਼ੁੱਕਰਵਾਰ ਨੂੰ ਮਾਲਵਾ-1 ਦੇ ਪਟਿਆਲਾ, ਫਤਹਿਗੜ੍ਹ ਸਾਹਿਬ, ਲੁਧਿਆਣਾ, ਮੋਹਾਲੀ, ਰੋਪੜ, ਬਰਨਾਲਾ ਜ਼ਿਲ੍ਹਿਆਂ ਦੇ ਵਿਧਾਇਕਾਂ ਅਤੇ ਸ਼ਨਿਚਰਵਾਰ ਨੂੰ ਮਾਲਵਾ-2 ਦੇ ਸੰਗਰੂਰ, ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਮੋਗਾ ਜ਼ਿਲ੍ਹਿਆਂ ਦੇ ਵਿਧਾਇਕਾਂ ਨਾਲ ਮੀਟਿੰਗਾਂ ਹੋਣਗੀਆਂ।


author

Babita

Content Editor

Related News