ਕੇਂਦਰ ਤੇ ਈ. ਡੀ. ਨੇ ਨਸ਼ਿਆਂ ਦੇ ਵੱਡੇ ਮਗਰਮੱਛਾਂ ਨੂੰ ਫੜਨ ''ਚ ਨਹੀਂ ਦਿੱਤਾ ਸਹਿਯੋਗ : ਜਾਖੜ
Saturday, Mar 30, 2019 - 07:02 PM (IST)

ਜਲੰਧਰ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੋਸ਼ ਲਾਇਆ ਹੈ ਕਿ ਸੂਬੇ 'ਚ ਆਪਣੇ 2 ਸਾਲ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਨਸ਼ਿਆਂ 'ਤੇ ਕੰਟਰੋਲ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਪਰ ਵੱਡੇ ਮਗਰਮੱਛਾਂ ਨੂੰ ਕਾਬੂ ਕਰਨ 'ਚ ਕੇਂਦਰ ਅਤੇ ਉਸ ਦੀ ਏਜੰਸੀ ਈ. ਡੀ. ਨੇ ਸਹਿਯੋਗ ਨਹੀਂ ਦਿੱਤਾ। ਇਸ ਦੇ ਬਾਵਜੂਦ ਕਾਂਗਰਸ ਅਤੇ ਕੈਪਟਨ ਸਰਕਾਰ ਨਸ਼ਿਆਂ ਦਾ ਕਾਰੋਬਾਰ 10 ਸਾਲ ਤਕ ਕਰਨ ਵਾਲੇ ਵੱਡੇ ਮਗਰਮੱਛਾਂ ਨੂੰ ਛੱਡਣ ਵਾਲੀ ਨਹੀਂ ਹੈ। ਜਾਖੜ ਨੇ ਕਿਹਾ ਕਿ ਦੇਰ ਹੈ, ਹਨੇਰ ਨਹੀਂ। ਵੱਡੇ ਮਗਰਮੱਛਾਂ ਨੂੰ ਵੀ ਕਾਨੂੰਨ ਦਾ ਸਾਹਮਣਾ ਕਰਨਾ ਹੀ ਪਏਗਾ।
ਸੂਬਾਈ ਪ੍ਰਧਾਨ ਨੇ ਕਿਹਾ ਕਿ ਬਾਜ਼ਾਰ 'ਚ ਨਸ਼ਿਆਂ ਦੀ ਸਪਲਾਈ 'ਤੇ ਸ਼ਿਕੰਜਾ ਕੱਸਣ 'ਚ ਕੈਪਟਨ ਸਰਕਾਰ ਸਫਲ ਰਹੀ ਹੈ ਪਰ ਨੌਜਵਾਨਾਂ 'ਚ ਸਾਬਕਾ ਅਕਾਲੀ ਸਰਕਾਰ ਸਮੇਂ ਨਸ਼ਾ ਲੈਣ ਦੀ ਜਿਹੜੀ ਆਦਤ 10 ਸਾਲ ਤਕ ਬਣੀ ਰਹੀ, ਨੂੰ ਛੁਡਾਉਣ 'ਚ ਕੁਝ ਸਮਾਂ ਤਾਂ ਲੱਗੇਗਾ ਹੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਾਂਗਰਸ ਦੀ ਮੋਗਾ ਰੈਲੀ 'ਚ ਇਹ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਨਸ਼ਿਆਂ 'ਤੇ ਰੋਕ ਲਾਉਣ 'ਚ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਸਹਿਯੋਗ ਨਹੀਂ ਦੇ ਰਹੀ। ਪੰਜਾਬ ਸਰਕਾਰ ਸਿਰਫ ਹਵਾ 'ਚ ਹੱਥ ਨਹੀਂ ਮਾਰਨਾ ਚਾਹੁੰਦੀ। ਉਹ ਠੋਸ ਸਬੂਤਾਂ ਦੇ ਆਧਾਰ 'ਤੇ ਵੱਡੇ ਮਗਰਮੱਛਾਂ 'ਤੇ ਸ਼ਿਕੰਜਾ ਕੱਸੇਗੀ। ਨਸ਼ਿਆਂ 'ਤੇ ਕੈਪਟਨ ਸਰਕਾਰ ਵਲੋਂ ਲਾਈ ਗਈ ਰੋਕ ਦਾ ਪਤਾ ਇਸੇ ਗੱਲ ਤੋਂ ਲੱਗਦਾ ਹੈ ਕਿ ਨਸ਼ੇ ਕਰਨ ਵਾਲੇ ਲੋਕ ਹੁਣ ਸਿੰਥੈਟਿਕ ਨਸ਼ਿਆਂ ਜਾਂ ਨਸ਼ੀਲੀਆਂ ਦਵਾਈਆਂ ਦੀ ਵਧੇਰੇ ਵਰਤੋਂ ਕਰ ਰਹੇ ਹਨ। ਉਨ੍ਹਾਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।ਜਾਖੜ ਨੇ ਕਿਹਾ ਕਿ ਪੈਸਿਆਂ ਦੇ ਲਾਲਚ 'ਚ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਨ ਵਾਲਿਆਂ ਨੂੰ ਬਿਲਕੁਲ ਛੱਡਿਆ ਨਹੀਂ ਜਾਏਗਾ। ਕੈਪਟਨ ਸਰਕਾਰ ਨੇ ਤਾਂ ਉਹ ਕੰਮ ਇਕ ਸਾਲ 'ਚ ਕਰ ਦਿੱਤੇ ਹਨ ਜੋ ਅਕਾਲੀ-ਭਾਜਪਾ ਸਰਕਾਰ 10 ਸਾਲਾਂ 'ਚ ਨਹੀਂ ਕਰ ਸਕੀ ਸੀ।