ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਵਿਚਾਲੇ ਖੜਕੀ!
Monday, Feb 17, 2020 - 06:44 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਮੁੱਖ ਮੰਤਰੀ ਦੀ ਕਾਰਜਸ਼ੈਲੀ ਨੂੰ ਨਿਸ਼ਾਨੇ 'ਤੇ ਲੈਣ ਤੋਂ ਬਾਅਦ ਦੋਵਾਂ ਲੀਡਰਾਂ ਵਿਚਾਲੇ ਲੱਗਦਾ ਹੈ ਕਿ ਮਨ-ਮੁਟਾਵ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ ਸਗੋਂ ਉਨ੍ਹਾਂ ਦੀ ਚਹੇਤੀ ਅਫ਼ਸਰਸ਼ਾਹੀ ਵੀ ਇਸ ਤੋਂ ਖਫਾ ਜਾਪ ਰਹੀ ਹੈ, ਇਸੇ ਦਾ ਨਤੀਜਾ ਹੈ ਕਿ ਜਾਖੜ ਤਿੰਨ ਦਿਨ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਮੰਗਦੇ ਰਹੇ ਪਰ ਉਨ੍ਹਾਂ ਦੀ ਅਪੀਲ ਹਰ ਵਾਰ ਠੁਕਰਾ ਦਿੱਤੀ ਗਈ। ਅਖਬਾਰਾਂ 'ਚ ਛਪੀਆਂ ਖਬਰਾਂ ਮੁਤਾਬਕ ਜਾਖੜ ਨੇ ਬਿਜਲੀ ਸਮਝੌਤਿਆਂ ਬਾਰੇ ਮੁੱਖ ਮੰਤਰੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ 9 ਫਰਵਰੀ ਨੂੰ ਨਿੱਜੀ ਥਰਮਲ ਪਲਾਂਟ ਵਣਾਂਵਾਲੀ (ਤਲਵੰਡੋ ਸਾਬੋ) ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਸਨ ਤੇ ਉੱਥੇ ਐਲਾਨ ਕੀਤਾ ਸੀ ਕਿ ਉਹ 11 ਫਰਵਰੀ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਇਹ ਸਾਰੇ ਮਾਮਲੇ ਉਨ੍ਹਾਂ ਅੱਗੇ ਉਠਾਉਣਗੇ।
ਖਬਰਾਂ ਮੁਤਾਬਕ ਜਾਖੜ 11 ਤੋਂ 13 ਫਰਵਰੀ ਤੱਕ ਲਗਾਤਾਰ ਤਿੰਨ ਦਿਨ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਸਮਾਂ ਮੰਗਦੇ ਰਹੇ ਪਰ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਗਿਆ। ਅਖੀਰ ਜਾਖੜ 14 ਫਰਵਰੀ ਨੂੰ ਦਿੱਲੀ ਲਈ ਰਵਾਨਾ ਹੋ ਗਏ। ਵਰਨਣਯੋਗ ਹੈ ਕਿ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੇ ਬਿਜਲੀ ਸਮਝੌਤਿਆਂ ਬਾਰੇ ਰਿਵਿਊ ਕਰਨ ਦਾ ਮੁੱਦਾ ਉਠਾਉਣ ਤੋਂ ਪਹਿਲਾਂ ਜਾਖੜ ਦੇ ਨਿਸ਼ਾਨੇ ਉੱਪਰ ਮੁੱਖ ਮੰਤਰੀ ਦੇ ਚਹੇਤੇ ਕਈ ਅਫ਼ਸਰ ਵੀ ਆ ਚੁੱਕੇ ਹਨ। ਸਮਝਿਆ ਜਾਂਦਾ ਹੈ ਕਿ ਪ੍ਰਦੇਸ਼ ਪ੍ਰਧਾਨ ਨੂੰ ਮੁੱਖ ਮੰਤਰੀ ਦੇ ਨਾਲ-ਨਾਲ ਅਜਿਹੇ ਚਹੇਤੇ ਅਫ਼ਸਰਾਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਵਿਚਾਲੇ ਮਨ-ਮੁਟਾਵ ਦੀਆਂ ਖਬਰਾਂ ਸਾਹਮਣੇ ਆਈਆਂ ਹੋਣ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਦਫਤਰ ਨਾਲ ਜਾਖੜ ਦੀ ਨਾਰਾਜ਼ਗੀ ਜਗ-ਜ਼ਾਹਰ ਹੁੰਦੀ ਰਹੀ ਹੈ।