ਕਰਫਿਊ ਦੌਰਾਨ ਲੋੜਵੰਦਾਂ ਤੱਕ ਰਾਸ਼ਨ ਤੇ ਹੋਰ ਮਦਦ ਪਹੁੰਚਾਉਣ ''ਚ ਫੇਲ ਹੋਏ ਕੈਪਟਨ : ਖਹਿਰਾ
Sunday, Apr 05, 2020 - 12:21 AM (IST)
ਚੰਡੀਗੜ੍ਹ,(ਰਮਨਜੀਤ)- ਅੱਜ ਇਥੇ ਭੁਲੱਥ ਦੇ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਸਖ਼ਤ ਸ਼ਬਦਾਂ 'ਚ ਕਿਹਾ ਕਿ ਉਹ ਮੁਸੀਬਤ ਦੀ ਘੜੀ 'ਚ ਲੋੜਵੰਦ ਗਰੀਬਾਂ ਤੱਕ ਮਦਦ ਪਹੁੰਚਾਉਣ 'ਚ ਅਸਫਲ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਮੁੱਖ ਮੰਤਰੀ ਵੱਲੋਂ ਕਰਫਿਊ ਲਗਾਏ ਜਾਣ ਨੂੰ ਦੋ ਹਫਤੇ ਹੋ ਚੁੱਕੇ ਹਨ ਪਰ ਸੂਬੇ ਦੇ ਲੋੜਵੰਦਾਂ ਨੂੰ ਇਕ ਨਿਕੇ ਪੈਸੇ ਦੀ ਮਦਦ ਜਾਂ ਅਨਾਜ ਦਾ ਇਕ ਦਾਣਾ ਵੀ ਪਹੁੰਚਾਉਣ ਵਿਚ ਉਹ ਫੇਲ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਪੰਜਾਬ ਦੀ 3 ਕਰੋੜ ਅਬਾਦੀ 'ਚੋਂ ਲਗਭਗ 12.50 ਲੱਖ ਪਰਿਵਾਰ ਇਕ ਚੌਥਾਈ ਵਸੋਂ ਬੇਹੱਦ ਗਰੀਬ ਦਿਹਾੜੀਦਾਰ, ਕਾਰਪੈਂਟਰ, ਮਿਸਤਰੀ, ਪੇਂਟਰ, ਪਲੰਬਰ, ਰਿਕਸ਼ਾ ਚਾਲਕ, ਆਟੋ ਰਿਕਸ਼ਾ ਚਾਲਕ ਆਦਿ ਹਨ, ਜੋ ਕਿ ਰੋਜ਼ਾਨਾ ਸਖ਼ਤ ਮਿਹਨਤ ਕਰ ਕੇ ਆਪਣੀ ਰੋਟੀ ਕਮਾਉਂਦੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਸਰਕਾਰੀ ਮਦਦ ਦੇ ਇਨ੍ਹਾਂ 12.50 ਲੱਖ ਪਰਿਵਾਰਾਂ ਵਾਸਤੇ ਦੋ ਹਫਤੇ ਕੱਢਣੇ ਅਸੰਭਵ ਹਨ ਕਿਉਂਕਿ ਉਹ ਦੋ ਹਫਤੇ ਤੋਂ ਘਰਾਂ 'ਚ ਬੰਦ ਹਨ ਅਤੇ ਰੋਜ਼ ਕਮਾ ਨਹੀਂ ਸਕਦੇ। ਇਸੇ ਤਰ੍ਹਾਂ ਹੀ ਦੁੱਧ ਉਤਪਾਦਕਾਂ ਵਲੋਂ ਮਿਹਨਤ ਨਾਲ ਕੀਤਾ ਗਿਆ ਤਿਆਰ ਦੁੱਧ ਵਿਅਰਥ ਜਾ ਰਿਹਾ ਹੈ, ਜਿਸ ਕਰ ਕੇ ਉਨ੍ਹਾਂ 'ਚ ਵੀ ਬੇਚੈਨੀ ਹੈ। ਉਨ੍ਹਾਂ ਕਿਹਾ ਕਿ ਉਹ ਕੈਪਟਨ ਦੀ ਜ਼ੁਬਾਨੀ ਸੇਵਾ ਨੋਟ ਕਰ ਰਹੇ ਹਨ ਕਿ ਸਰਕਾਰ ਸੂਬੇ ਭਰ 'ਚ ਗਰੀਬਾਂ ਨੂੰ 10 ਲੱਖ ਸੁੱਕੇ ਰਾਸ਼ਨ ਦੇ ਪੈਕਟ ਵੰਡੇਗੀ ਪਰ ਪਿਛਲੇ ਦੋ ਹਫਤਿਆਂ 'ਚ ਅਨਾਜ ਦਾ ਇਕ ਵੀ ਦਾਣਾ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਸਮਾਜਿਕ, ਧਾਰਮਕ ਸੰਸਥਾਵਾਂ, ਐੱਨ. ਆਰ.ਆਈ ਅਤੇ ਹੋਰਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਪੰਜਾਬ ਦੇ ਗਰੀਬਾਂ ਨੂੰ ਰਾਸ਼ਨ, ਲੰਗਰ ਆਦਿ ਮੁਹੱਈਆ ਕਰਵਾਉਣ ਵਾਸਤੇ ਜੰਗੀ ਪੱਧਰ 'ਤੇ ਮੁਹਿੰਮ ਛੇੜੀ ਹੋਈ ਹੈ। ਜੇਕਰ ਮੁੱਖ ਮੰਤਰੀ ਗਰੀਬਾਂ ਤੱਕ ਲੋੜੀਂਦਾ ਰਾਸ਼ਨ ਪਹੁੰਚਾਉਣ 'ਚ ਹੋਰ ਦੇਰੀ ਕਰਦੇ ਹਨ ਤਾਂ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ। ਕੋਰੋਨਾ ਵਾਇਰਸ ਪੀੜਤਾਂ ਅਤੇ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ 'ਚ ਕੈਪਟਨ ਅਮਰਿੰਦਰ ਦੀ ਅਸਫ਼ਲਤਾ ਦੀ ਵੀ ਖਹਿਰਾ ਨੇ ਨਿਖੇਧੀ ਕੀਤੀ, ਜਿਸ ਦਾ ਖੁਲਾਸਾ ਰਾਗੀ ਭਾਈ ਨਿਰਮਲ ਸਿੰਘ ਜੀ ਦੀ ਹੋਈ ਤਰਸਯੋਗ ਮੌਤ ਅਤੇ ਉਪਰੰਤ ਹੋਏ ਵਿਵਾਦਤ ਸਸਕਾਰ ਨਾਲ ਹੋਇਆ ਹੈ। ਭਾਈ ਨਿਰਮਲ ਸਿੰਘ ਦੀ ਹੋਈ ਦੁਖਦਾਈ ਮੌਤ ਅਤੇ ਸਸਕਾਰ ਦੇ ਘਟਨਾਕ੍ਰਮ ਨੇ ਪੰਜਾਬ ਦੀ ਸਿਹਤ ਪ੍ਰਣਾਲੀ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ। ਖਹਿਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਕੋਲ ਸਾਜ਼ੋ-ਸਮਾਨ ਹੀ ਨਹੀਂ ਹੈ, ਜਿਸ ਬਾਰੇ ਭਾਈ ਨਿਰਮਲ ਸਿੰਘ ਨੇ ਲੀਕ ਹੋਈ ਆਡੀਓ 'ਚ ਦੱਸਿਆ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਖਹਿਰਾ ਨੇ ਦੇਸ਼ ਨੂੰ ਬਚਕਾਨਾ ਬਿਆਨ ਦੇਣ ਵਾਲੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਨਿਸ਼ਾਨੇ 'ਤੇ ਲਿਆ, ਜਿਨ੍ਹਾਂ ਨੇ ਪੀੜਤਾਂ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਏ ਜਾਣ ਦੀ ਬਜਾਏ ਪਹਿਲਾਂ ਲੋਕਾਂ ਨੂੰ 22 ਮਾਰਚ ਨੂੰ ਸੜਕਾਂ ਉੱਪਰ ਆ ਕੇ ਢੋਲ ਵਜਾਉਣ, ਭਾਂਡੇ ਖੜਕਾਉਣ ਆਦਿ ਬਾਰੇ ਕਿਹਾ ਅਤੇ ਹੁਣ 5 ਅਪ੍ਰੈਲ ਨੂੰ 9 ਮਿੰਟ ਵਾਸਤੇ ਲਾਈਟਾਂ ਬੰਦ ਕਰਨ ਅਤੇ ਮੋਮਬੱਤੀਆਂ ਜਗਾਉਣ ਲਈ ਆਖਿਆ ਹੈ। ਖਹਿਰਾ ਨੇ ਕਿਹਾ ਕਿ ਅਜਿਹੇ ਬਿਆਨ ਦੇ ਕੇ ਮੋਦੀ ਨੇ ਦੇਸ਼ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਬਣਾਈ ਗਈ ਪਾਲਿਸੀ ਬਾਰੇ ਦੱਸਣਾ ਚਾਹੀਦਾ ਹੈ ਅਤੇ ਇਹ ਵੀ ਦੱਸਣਾ ਚਾਹੀਦਾ ਹੈ ਕਿ ਵਾਇਰਸ ਕਾਰਣ ਪੈਦਾ ਹੋਏ ਆਰਥਿਕ ਸੰਕਟ 'ਚੋਂ ਭਾਰਤ ਨੂੰ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ।