ਮੁੱਖ ਮੰਤਰੀ ਸਪੱਸ਼ਟ ਕਰਨ ਕਿ ਉਹ CAA ਤਹਿਤ ਪੀੜਤ ਸਿੱਖਾਂ ਨੂੰ ਮਿਲੀ ਰਾਹਤ ਦੇ ਵਿਰੁੱਧ : ਸੁਖਬੀਰ

Wednesday, Jan 22, 2020 - 01:30 AM (IST)

ਚੰਡੀਗੜ੍ਹ,(ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਪੱਸ਼ਟ ਕਰਨ ਲਈ ਆਖਿਆ ਹੈ ਕਿ ਕੀ ਉਹ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਤਹਿਤ ਪੀੜਤ ਸਿੱਖਾਂ ਨੂੰ ਦਿੱਤੀ ਜਾ ਰਹੀ ਰਾਹਤ ਦੇ ਵਿਰੁੱਧ ਹੈ ਅਤੇ ਕੀ ਉਹ ਸੀ.ਏ.ਏ. ਤਹਿਤ ਸਿੱਖਾਂ ਨੂੰ ਮਿਲੀ ਰਾਹਤ ਖ਼ਤਮ ਕਰਵਾਉਣ ਲਈ ਇਸ ਸਮੁੱਚੇ ਐਕਟ ਨੂੰ ਰੱਦ ਕਰਵਾਉਣ ਦੀ ਲੜਾਈ ਲੜ ਰਿਹਾ ਹੈ? ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸੀ. ਏ. ਏ. ਦਾ ਵਿਰੋਧ ਕਰਕੇ ਮੁੱਖ ਮੰਤਰੀ ਇਸ ਐਕਟ ਤਹਿਤ ਸਿੱਖਾਂ ਨੂੰ ਮਿਲੀ ਰਾਹਤ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੇ ਸਿੱਖ ਵਿਰੋਧੀ ਏਜੰਡਾ ਨੂੰ ਪੂਰਾ ਕਰਨਾ ਹੈ। ਜੇਕਰ ਕੈਪਟਨ ਅਮਰਿੰਦਰ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਪੀੜਤ ਸਿੱਖਾਂ ਰਾਹਤ ਦੇਣ ਬਾਰੇ ਸੱਚਮੁੱਚ ਸੰਜੀਦਾ ਹੈ ਤਾਂ ਉਸ ਨੂੰ ਅਕਾਲੀ ਦਲ ਦੀ ਸੀਏਏ ਵਿਚ ਮੁਸਲਮਾਨਾਂ ਨੂੰ ਸ਼ਾਮਿਲ ਕੀਤੇ ਜਾਣ ਦੀ ਮੰਗ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਾਕਿਤਸਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤਾਜ਼ਾ ਅੰਕੜਿਆਂ ਅਨੁਸਾਰ 1000 ਹਿੰਦੂ/ ਸਿੱਖ ਲੜਕੀਆਂ ਨੂੰ ਅਗਵਾ ਕਰਕੇ ਉਹਨਾਂ ਦਾ ਜਬਰੀ ਮੁਸਲਮਾਨ ਪੁਰਸ਼ਾਂ ਨਾਲ ਨਿਕਾਹ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਨੂੰ ਨਿਰੋਲ ਗਾਂਧੀ ਪਰਿਵਾਰ ਦੇ ਇਸ਼ਾਰਿਆਂ ਉੱਤੇ ਨੱਚਣ ਤੋਂ ਵਰਜਦਿਆਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਪੀੜਤ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਪ੍ਰਤੀ ਸੰਵੇਦਨਸ਼ੀਲ ਨਜ਼ਰੀਆ ਰੱਖਣ ਲਈ ਆਖਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਨੇ ਸਿੱਖਾਂ ਨੂੰ ਬਚਾਉਣ ਲਈ ਨਾਗਰਿਕਤਾ ਸੋਧ ਬਿਲ ਦੇ ਹੱਕ ਵਿਚ ਵੋਟ ਪਾਈ ਸੀ। ਉਹਨਾਂ ਕਿਹਾ ਕਿ ਪਰੰਤੂ ਮੇਰੇ ਵੱਲੋਂ ਮੁਸਲਮਾਨਾਂ ਨੂੰ ਐਕਟ ਵਿਚ ਸ਼ਾਮਿਲ ਕਰਨ ਦੀ ਮੰਗ ਕਰਕੇ ਅਸੀਂ ਆਪਣਾ ਵਿਰੋਧ ਵੀ ਜਤਾ ਦਿੱਤਾ ਸੀ। ਅਸੀਂ ਆਪਣੇ ਸਟੈਂਡ ਉੱਤੇ ਦ੍ਰਿੜ ਹਾਂ ਅਤੇ ਇਸ ਮੁੱਦੇ ਉੱਤੇ ਆਪਣਾ ਸਿਧਾਂਤਕ ਸਟੈਂਡ ਛੱਡਣ ਦੀ ਬਜਾਇ ਦਿੱਲੀ ਵਿਧਾਨ ਸਭਾ ਚੋਣਾਂ ਲੜਣਾ ਤਿਆਗ ਦਿੱਤਾ ਹੈ।

ਹਰਸਿਮਰਤ ਦੇ ਪ੍ਰਭਾਵ ਦਾ ਹੋਵੇਗਾ ਇਸਤੇਮਾਲ:
ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਮੁਸਲਮਾਨਾਂ ਨੂੰ ਸੀ.ਏ.ਏ. ਦੇ ਘੇਰੇ 'ਚ ਸ਼ਾਮਲ ਕਰਵਾਉਣ ਲਈ ਆਪਣੀ ਲੜਾਈ ਜਾਰੀ ਰੱਖੇਗਾ ਅਤੇ ਇਸ ਮੰਤਵ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਕੇਂਦਰ ਸਰਕਾਰ ਵਿਚਲੇ ਰਸੂਖ ਨੂੰ ਇਸਤੇਮਾਲ ਕਰੇਗਾ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਪਾਰਟੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਖ਼ਿਲਾਫ ਹੈ। ਸੁਖਬੀਰ ਨੇ ਕਿਹਾ ਕਿ ਇਹ ਗੱਲ ਸਮਝਣਯੋਗ ਹੈ ਕਿ ਦਿੱਲੀ ਦੇ ਸਿੱਖਾਂ ਨੇ ਆ ਰਹੀਆਂ ਵਿਧਾਨ ਸਭਾ ਚੋਣਾਂ ਅੱਠ ਸੀਟਾਂ ਤੋਂ ਲੜਣ ਦੀ ਮੰਗ ਰੱਖੀ ਸੀ। ਪਰੰਤੂ ਪਾਰਟੀ ਨੇ ਇਸ ਮੰਗ ਬਾਰੇ ਵਿਚਾਰ ਕਰਨ ਮਗਰੋਂ ਇਹ ਫੈਸਲਾ ਕੀਤਾ ਕਿ ਇਸ ਨੂੰ ਸਿਰਫ ਸਿੱਖਾਂ ਦੇ ਹੀ ਨਹੀਂ, ਸਗੋਂ ਸਾਰੀਆਂ ਘੱਟ ਗਿਣਤੀਆਂ ਦੇ ਹੱਕਾਂ ਲਈ ਲੜਣਾ ਚਾਹੀਦਾ ਹੈ। ਇਹ ਇੱਕ ਅਜਿਹਾ ਅਸੂਲ ਹੈ, ਜਿਸ ਕੋਈ ਕਾਂਗਰਸ ਨਹੀਂ ਸਮਝ ਸਕਦਾ ਹੈ, ਕਿਉਂਕਿ ਕਾਂਗਰਸ ਪਾਰਟੀ ਦਾ ਰਿਕਾਰਡ ਇਹ ਹੈ ਕਿ ਇਸ ਨੇ ਸਰਕਾਰੀ ਜਬਰ ਰਾਹੀਂ ਸਿੱਖਾਂ ਉੱਤੇ ਭਾਰੀ ਅੱਤਿਆਚਾਰ ਕੀਤੇ ਸਨ, ਜਿਹਨਾਂ ਵਿਚ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨਾ ਅਤੇ 1984 ਵਿਚ ਦਿੱਲੀ ਅਤੇ ਦੇਸ਼ ਦੇ ਦੂਜੇ ਭਾਗਾਂ ਵਿਚ ਸਿੱਖਾਂ ਦੀ ਨਸਲਕੁਸ਼ੀ ਕਰਨਾ ਸ਼ਾਮਿਲ ਸੀ।

 


Related News