ਬਾਦਲ ਤੇ ਕੈਪਟਨ ਇਕੋ ਸਿੱਕੇ ਦੇ ਦੋ ਪਹਿਲੂ : ਬੈਂਸ

Wednesday, Oct 17, 2018 - 05:46 PM (IST)

ਬਾਦਲ ਤੇ ਕੈਪਟਨ ਇਕੋ ਸਿੱਕੇ ਦੇ ਦੋ ਪਹਿਲੂ : ਬੈਂਸ

ਸੰਗਰੂਰ (ਬੇਦੀ) : ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਜੁੱਤੀ ਸੁੱਟਣ ਵਾਲੇ 6 ਸਿੰਘਾ 'ਤੇ ਇਰਾਦਾ ਕਤਲ 307 ਧਾਰਾ ਲਾਉਣਾ ਇਹ ਸਾਬਿਤ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਆਪਸ ਵਿਚ ਰਲੇ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਥਾਨਕ ਜੇਲ ਵਿਖੇ ਬੰਦ ਸਿੰਘਾਂ ਨੂੰ ਮਿਲਣ ਮੌਕੇ ਜੇਲ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਿੱਖ ਕਾਰਕੁੰਨ ਰੋਸ ਪ੍ਰਗਟ ਕਰਨ ਲਈ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਅਤੇ ਰੋਹ ਵਿਚ ਆਏ ਇਕ ਸਿੰਘ ਵੱਲੋਂ ਜੁੱਤੀ ਜਾਂ ਝੰਡੀ ਸੁਖਬੀਰ ਦੀ ਗੱਡੀ ਵੱਲ ਮਾਰੀ ਸੀ। ਉਸ ਤੋਂ ਬਾਅਦ ਕੈਪਟਨ ਦੇ ਇਸ਼ਾਰੇ 'ਤੇ ਸੰਗਰੂਰ ਪੁਲਸ ਵੱਲੋਂ ਇਨ੍ਹਾਂ ਸਿੰਘਾਂ 'ਤੇ ਇਰਾਦਾ ਕਤਲ ਦੀ ਧਾਰਾ ਲਾਉਣਾ ਲੋਕਤੰਤਰ ਦਾ ਘਾਣ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਦੀ ਆਪਸੀ ਸਾਝ ਦਰਸਾਉਂਦਾ ਹੈ। 

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਆਪਸ ਵਿਚ ਰਲੇ ਹੋਏ ਕਹਿੰਦੇ ਹਾਂ ਤਾਂ ਇਸ ਨੂੰ ਕੈਪਟਨ ਝੂਠ ਕਹਿੰਦੇ ਹਨ ਜੇਕਰ ਇਹ ਝੂਠ ਹੈ ਤਾਂ ਸੁਖਬੀਰ ਦੀ ਗੱਡੀ 'ਤੇ ਹਮਲੇ ਦਾ ਕੈਪਟਨ ਨੂੰ ਦੁੱਖ ਕਿਉਂ ਹੋਇਆ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਬੈਂਸ ਨੇ ਕਿਹਾ ਕਿ ਇਨ੍ਹਾਂ ਸਿੰਘਾਂ ਨੂੰ ਮਿਲਣ ਤੋਂ ਬਾਅਦ ਜ਼ਿਲਾ ਪੁਲਸ ਮੁਖੀ ਨੂੰ ਇਨ੍ਹਾਂ 'ਤੇ ਲਗਾਈਆਂ ਧਰਾਵਾਂ ਨੂੰ ਵਾਪਸ ਲੈਣ ਲਈ ਮਿਲਿਆ ਜਾਵੇਗਾ ਜੇਕਰ ਦਿੱਤੇ ਗਏ ਸਮੇਂ ਵਿਚ ਧਰਾਵਾਂ ਨੂੰ ਨਾ ਹਟਾਇਆ ਗਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੂੰ ਅਤੇ ਬੇਅਦਬੀ ਦਾ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਨੂੰ ਲੈ ਕੇ ਜ਼ਿਲਾ ਪੁਲਸ ਮੁਖੀ ਦੇ ਦਫਤਰ ਅੱਗੇ ਧਰਨਾ ਦੇਣਗੇ। 

ਇਸ ਮੌਕੇ ਬਾਦਲਾਂ ਤੇ ਕੈਪਟਨ 'ਤੇ ਵਿਅੰਗ ਕਰਦਿਆਂ ਬੈਂਸ ਨੇ ਕਿਹਾ ਕਿ ਇਹ ਦੋਵੇਂ ਇਕੋ ਸਿੱਕੇ ਦੇ ਦੋ ਪਹਿਲੂ ਹਨ। ਇਸ ਦੌਰਾਂਨ ਬੈਂਸ ਨੇ ਦੋਵਾਂ ਨੂੰ ਨੱਥਾ ਸਿੰਘ ਤੇ ਪ੍ਰੇਮ ਸਿੰਘ ਕਹਿ ਕੇ ਵੀ ਸੰਬੋਧਨ ਕੀਕਤਾ। ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇੱਕੋ ਮੰਸਾ ਹੈ ਕਿ ਉਨ੍ਹਾਂ ਦੀ ਸਰਕਾਰ ਤੋਂ ਬਾਅਦ ਬਾਦਲਾਂ ਦਾ ਰਾਜ ਆਵੇ ਅਤੇ ਪੰਜਾਬ ਵਿਚ ਕੋਈ ਤੀਜੀ ਧਿਰ ਨਾ ਆਵੇ।


Related News