ਕੈਪਟਨ ਵਲੋਂ ਨਿਰਮਾਣ ਤੇ ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਦਾ ਸਮਾਂ ਵਧਾਉਣ ਦਾ ਹੁਕਮ

12/13/2019 9:25:31 PM

ਚੰਡੀਗੜ੍ਹ,(ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਕਿਰਤ ਵਿਭਾਗ ਨੂੰ ਹੁਕਮ ਦਿੱਤੇ ਕਿ ਨਿਰਮਾਣ ਤੇ ਹੋਰ ਉਸਾਰੀ ਕਿਰਤੀਆਂ ਦੇ ਮੈਂਬਰਾਂ ਦੀ ਮੁੜ ਰਜਿਸਟ੍ਰੇਸ਼ਨ ਨਾ ਕਰਵਾ ਸਕਣ ਵਾਲੇ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਸਮਾਂ 31 ਮਾਰਚ, 2020 ਤੱਕ ਵਧਾਇਆ ਜਾਵੇ। ਉਨ੍ਹਾਂ ਕਿਰਤੀਆਂ ਦੇ ਘਰਾਂ ਨੂੰ ਕੁਦਰਤੀ ਆਫਤ ਨਾਲ ਨੁਕਸਾਨ ਹੋਣ 'ਤੇ ਮਾਲੀ ਮਦਦ ਦੇਣ ਦਾ ਵੀ ਐਲਾਨ ਕੀਤਾ। ਕਿਰਤੀਆਂ ਦੀ ਭਲਾਈ ਲਈ ਚੁੱਕੇ ਜਾ ਰਹੇ ਕਦਮਾਂ ਦੀ ਲੜੀ 'ਚ ਹੋਰ ਵਾਧਾ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਕੁਦਰਤੀ ਆਫਤ ਨਾਲ ਕਿਰਤੀਆਂ ਦੇ ਘਰਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ 50000 ਰੁਪਏ ਤੋਂ 1 ਲੱਖ ਰੁਪਏ ਤੱਕ ਦੀ ਮਾਲੀ ਮਦਦ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਪੰਜਾਬ ਭਵਨ ਨਿਰਮਾਣ ਅਤੇ ਹੋਰ ਉਸਾਰੀ ਕਿਰਤੀ ਬੋਰਡ ਦੀ ਮੀਟਿੰਗ ਦੌਰਾਨ ਕਿਹਾ ਕਿ ਜਿਹੜੇ ਕਿਰਤੀ ਬੋਰਡ ਵੱਲੋਂ ਪਹਿਲਾਂ ਮਿਥੀ ਸਮਾਂ ਸੀਮਾ ਦੌਰਾਨ ਕਿਸੇ ਕਾਰਨ ਆਪਣੀ ਮੁੜ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ ਉਨ੍ਹਾਂ ਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ।

ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੁਦਰਤੀ ਆਫਤਾਂ ਨਾਲ ਨੁਕਸਾਨ ਦਾ ਅਨੁਮਾਨ ਲਾਉਣ ਲਈ ਵਿਭਾਗ ਨੇ ਐੱਸ. ਡੀ. ਐੱਮਜ਼ ਦੀ ਅਗਵਾਈ ਹੇਠ ਪਿੰਡਾਂ ਲਈ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ। ਜਿਸ 'ਚ ਸਬੰਧਤ ਬੀ. ਡੀ. ਪੀ. ਓ. ਅਤੇ ਸਹਾਇਕ ਲੇਬਰ ਕਮਿਸ਼ਨਰ ਮੈਂਬਰ ਹੋਣਗੇ ਜਦਕਿ ਸ਼ਹਿਰਾਂ ਲਈ ਸਹਾਇਕ ਕਿਰਤ ਕਮਿਸ਼ਨਰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਬੰਧਤ ਕਾਰਜਕਾਰੀ ਅਫਸਰ ਮੈਂਬਰ ਹੋਣਗੇ। ਮੁੱਖ ਮੰਤਰੀ ਨੇ ਉਸਾਰੀ ਕਾਰਜਾਂ ਦੌਰਾਨ ਕਿਰਤੀਆਂ ਦੇ ਜ਼ਖਮੀ ਹੋ ਜਾਣ ਦੀ ਸੂਰਤ 'ਚ ਉਨ੍ਹਾਂ ਨੂੰ ਬਣਾਉਟੀ ਅੰਗ ਲਾਉਣ ਲਈ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਬਾਰੇ ਵਿਭਾਗ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ। ਇਨ੍ਹਾਂ ਕਿਰਤੀਆਂ ਨੂੰ ਹੁਨਰ ਰਾਹੀਂ ਰੋਜ਼ੀ ਰੋਟੀ ਕਮਾਉਣ ਦੇ ਯੋਗ ਬਣਾਉਣ ਦੇ ਮੱਦੇਨਜ਼ਰ ਇਨ੍ਹਾਂ ਕਿਰਤੀਆਂ ਨੂੰ ਲੋੜੀਂਦੀ ਟੂਲ ਕਿੱਟ ਖਰੀਦਣ ਲਈ 10,000 ਰੁਪਏ ਦੇਣ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਕਿਰਤੀਆਂ ਦਾ ਸਫ਼ਰ ਭੱਤਾ 2000 ਰੁਪਏ ਤੋਂ ਵਧਾ ਕੇ 10,000 ਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਕਿਰਤੀਆਂ ਨੂੰ ਧਾਰਮਿਕ ਅਸਥਾਨਾਂ ਸਮੇਤ ਹੋਰ ਥਾਵਾਂ ਦੀ ਯਾਤਰਾ ਕਰਨ ਦੀ ਸਹੂਲਤ ਹਾਸਲ ਹੋਵੇਗੀ।

ਮੀਟਿੰਗ 'ਚ ਇਹ ਵੀ ਫੈਸਲਾ ਕੀਤਾ ਗਿਆ ਕਿ ਨਿਰਮਾਣ ਤੇ ਹੋਰ ਉਸਾਰੀ ਕਿਰਤੀਆਂ ਦੇ ਹੋਣਹਾਰ ਬੱਚਿਆਂ ਨੂੰ ਸਾਲਾਨਾ ਪ੍ਰੀਖਿਆਵਾਂ 'ਚ 75 ਫੀਸਦੀ ਤੋਂ ਵੱਧ ਅੰਕ ਲੈਣ 'ਤੇ 11,000 ਰੁਪਏ ਹੌਸਲਾਅਫਜ਼ਾਈ ਵਜੋਂ ਦਿੱਤੇ ਜਾਣਗੇ। ਇਸ ਤੋਂ ਲਾਵਾ ਜੇਕਰ ਇਹ ਬੱਚੇ ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ 'ਤੇ ਖੇਡਾਂ 'ਚ ਪਹਿਲੇ ਸਥਾਨਾਂ 'ਤੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਕ੍ਰਮਵਾਰ 11000, 21000 ਅਤੇ 51000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਕਿਰਤ ਵੀ.ਕੇ. ਜੰਜੂਆ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਹੁਸਨ ਲਾਲ, ਗਮਾਡਾ ਦੇ ਮੁੱਖ ਪ੍ਰਸ਼ਾਸਕ ਕਵਿਤਾ ਮੋਹਨ ਸਿੰਘ, ਕਿਰਤ ਕਮਿਸ਼ਨਰ ਵਿਮਲ ਸੇਤੀਆ ਅਤੇ ਪੰਜਾਬ ਨਿਰਮਾਣ ਅਤੇ ਹੋਰ ਉਸਾਰੀ ਕਿਰਤੀ ਬੋਰਡ ਦੇ ਮੈਂਬਰ ਹਾਜ਼ਰ ਸਨ।


Related News