ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋ ਨੂੰ ਕੈਪਟਨ ਦੀ ਦੋ ਟੁੱਕ

Monday, Jun 29, 2020 - 06:50 PM (IST)

ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋ ਨੂੰ ਕੈਪਟਨ ਦੀ ਦੋ ਟੁੱਕ

ਚੰਡੀਗੜ੍ਹ : ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਖ਼ਿਲਾਫ਼ ਅਕਸਰ ਬਿਆਨਬਾਜ਼ੀ ਅਤੇ ਚਿੱਠੀਆਂ ਰਾਹੀਂ ਮਿਹਣੇ ਮਾਰਨ ਵਾਲੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਟੁੱਕ ਵਿਚ ਜਵਾਬ ਦਿੱਤਾ ਹੈ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਆਖਿਆ ਕਿ ਮੈਨੂੰ ਅਜਿਹੇ ਲੋਕਾਂ ਦੀ ਸਲਾਹ ਦੀ ਜ਼ਰੂਰਤ ਨਹੀਂ, ਅਸੀਂ ਪੰਜਾਬ ਨੂੰ ਚਲਾਉਣ ਵਿਚ ਪੂਰੀ ਤਰ੍ਹਾਂ ਸਮਰੱਥ ਹਾਂ। ਇਸ ਦੇ ਨਾਲ ਹੀ ਪੱਤਰਕਾਰਾਂ ਵਲੋਂ ਪ੍ਰਤਾਪ ਸਿੰਘ ਬਾਜਵਾ ਵਲੋਂ ਭੇਜੀਆਂ ਜਾਂਦੀਆਂ ਚਿੱਠੀਆਂ ਸੰਬੰਧੀ ਪੁੱਛੇ ਸਵਾਲ 'ਤੇ ਮੁੱਖ ਮੰਤਰੀ ਨੇ ਆਖਿਆ ਕਿ ਮੈਨੂੰ ਨਹੀਂ ਪਤਾ ਪ੍ਰਤਾਪ ਬਾਜਵਾ ਦੀ ਚਿੱਠੀ ਕਿੱਥੇ ਜਾਂਦੀ ਹੈ। 

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਕੈਪਟਨ ਨੇ ਸਪੱਸ਼ਟ ਕੀਤੀ ਸਥਿਤੀ, ਫਿਲਹਾਲ ਨਹੀਂ ਲੱਗੇਗੀ ਤਾਲਾਬੰਦੀ  

ਬਠਿੰਡਾ ਥਰਮਲ ਪਲਾਂਟ 'ਤੇ ਕੈਪਟਨ ਦਾ ਜਵਾਬ
ਬਠਿੰਡਾ ਦੇ ਥਰਮਲ ਪਲਾਂਟ ਨੂੰ ਨਿੱਜੀ ਹੱਥਾਂ ਵਿਚ ਦੇਣ ਦੇ ਵਿਰੋਧੀਆਂ ਵਲੋਂ ਲਗਾਏ ਜਾ ਰਹੇ ਦੋਸ਼ਾਂ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਵਲੋਂ ਜਾਣ ਬੁੱਝ ਕੇ ਇਸ ਮਸਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਸੂਬਾ ਬਿਜਲੀ ਸਰਪਲੱਸ ਹੋ ਚੁੱਕਾ ਹੈ ਅਤੇ ਜਦੋਂ ਸਸਤੀ ਬਿਜਲੀ ਮਿਲ ਰਹੀ ਹੈ ਤਾਂ ਮਹਿੰਗੀ ਬਿਜਲੀ ਕਿਉਂ ਬਣਾਈ ਜਾਵੇ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਚੁੱਕੇ ਸਵਾਲਾਂ 'ਤੇ ਬੋਲੇ ਕੈਪਟਨ, ਕੁਝ ਇਸ ਤਰ੍ਹਾਂ ਦਿੱਤਾ ਜਵਾਬ

ਸੂਬਿਆਂ ਦੇ ਹੱਕ ਖੋਹਣਾ ਚਾਹੁੰਦਾ ਕੇਂਦਰ 
ਕੇਂਦਰ ਸਰਕਾਰ ਵਲੋਂ ਕਿਸਾਨੀ ਸੰਬੰਧੀ ਜਾਰੀ ਕੀਤੇ ਆਰਡੀਨੈਂਸ 'ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਆਖਿਆ ਕਿ ਕੇਂਦਰ ਸੂਬਿਆਂ ਦੇ ਹੱਕਾਂ 'ਤੇ ਡਾਕਾ ਮਾਰਨ 'ਤੇ ਤੁਰਿਆ ਹੋਇਆ ਹੈ। ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਸਾਰੇ ਅਧਿਕਾਰ ਆਪਣੇ ਹੱਥਾਂ 'ਚ ਲੈਣਾ ਚਾਹੁੰਦੀ ਹੈ, ਇਸੇ ਦੇ ਚੱਲਦੇ ਸੂਬਿਆਂ ਦੇ ਸੰਘੀ ਢਾਂਚੇ 'ਤੇ ਹਮਲਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕੋਰੋਨਾ ਦੀ ਗੰਭੀਰ ਆਫ਼ਤ ਦੇ ਚੱਲਦੇ ਵੀ ਕੇਂਦਰ ਸਾਡੀ ਮਦਦ ਨਹੀਂ ਕਰ ਰਿਹਾ, ਜਿਸ ਕਾਰਣ ਸੂਬਾ ਸਰਕਾਰ ਆਪਣੇ ਸਰੋਤਾਂ ਰਾਹੀਂ ਹੀ ਰੈਵੇਨਿਊ ਇਕੱਠਾ ਕਰ ਰਹੀ ਹੈ। ਇਸੇ ਕਾਰਣ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ ਕਿਉਂਕਿ ਇਸ ਤੋਂ ਸਰਕਾਰ ਨੂੰ ਵਧੇਰੇ ਰੈਵੇਨਿਊ ਆਉਂਦਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਿਆ ਹੈ ਕਿ ਕੀ ਉਨ੍ਹਾਂ ਨੂੰ ਚੀਨ ਵਲੋਂ ਪੀ. ਐੱਮ. ਕੇਅਰ ਫੰਡ ਵਿਚ 7 ਕਰੋੜ ਰੁਪਿਆ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਬਰਾਂ ਹਨ ਕਿ ਟਿਕ ਟਾਕ ਵਲੋਂ ਪੀ. ਐੱਮ. ਕੇਅਰ ਫੰਡ ਵਿਚ 30 ਕਰੋੜ ਰੁਪਏ ਦਿੱਤੇ ਗਏ ਹਨ ਜੇਕਰ ਇਹ ਪੈਸੇ ਮਿਲੇ ਹਨ ਤਾਂ ਇਸ ਨੂੰ ਤੁਰੰਤ ਵਾਪਸ ਕੀਤਾ ਜਾਣਾ ਚਾਹੀਦਾ ਹੈ। ਸਾਨੂੰ ਚੀਨ ਦੇ ਪੈਸਿਆਂ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਚੋਣ ਵਾਅਦੇ ਮੁਤਾਬਕ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਲਈ ਕੰਪਨੀ ਨੂੰ ਆਰਡਰ ਦਿੱਤਾ ਗਿਆ ਹੈ, ਜੇਕਰ ਇਹ ਕੰਪਨੀ ਚੀਨੀ ਹੋਈ ਤਾਂ ਇਹ ਆਰਡਰ ਰੱਦ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਵਿਦਿਆਰਥੀਆਂ ਲਈ ਰਾਹਤ ਭਰੀ ਖਬਰ, ਕੈਪਟਨ ਨੇ ਕੀਤਾ ਵੱਡਾ ਐਲਾਨ 


author

Gurminder Singh

Content Editor

Related News