ਨਸ਼ਿਆਂ ਖਿਲਾਫ ਕੈਪਟਨ ਸਖਤ, ਲੋਕਾਂ ਨੂੰ ਕੀਤੀ ਇਹ ਅਪੀਲ

06/26/2019 6:22:44 PM

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਵਿਰੁੱਧ ਇਕ ਹੋਰ ਸਖਤ ਕਦਮ ਚੁੱਕਦੇ ਹੋਏ ਕਿਹਾ ਕਿ ਜੇ ਕੋਈ ਨਸ਼ਾ ਸਮੱਗਲਰ ਜਾਂ ਕੋਈ ਹੋਰ ਵਿਅਕਤੀ ਨਸ਼ੀਲੇ ਪਦਾਰਥ ਵੇਚਣ ਲਈ ਪਿੰਡਾਂ ਜਾਂ ਸ਼ਹਿਰਾਂ 'ਚ ਆਉਂਦਾ ਹੈ ਤਾਂ ਲੋਕ ਉਸ ਨੂੰ ਤੁਰੰਤ ਫੜ ਕੇ ਜਾਂ ਤਾਂ ਪੁਲਸ ਦੇ ਹਵਾਲੇ ਕਰ ਦੇਣ ਜਾਂ ਪੁਲਸ ਨੂੰ ਇਸ ਬਾਰੇ ਸੂਚਨਾ ਦੇਣ। ਮੁੱਖ ਮੰਤਰੀ ਨੇ ਨਸ਼ਿਆਂ ਵਿਰੁੱਧ ਕੌਮਾਂਤਰੀ ਦਿਵਸ ਦੇ ਮੌਕੇ 'ਤੇ ਪੰਜਾਬੀਆਂ ਦੇ ਨਾਂ ਇਕ ਸੰਦੇਸ਼ 'ਚ ਕਿਹਾ ਕਿ ਸਰਕਾਰ ਆਪਣੇ ਵਲੋਂ ਪਿਛਲੇ 2 ਸਾਲਾਂ ਦੌਰਾਨ ਨਸ਼ੇ ਵੇਚਣ ਵਾਲੇ 33 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਫੜ ਕੇ ਜੇਲਾਂ 'ਚ ਸੁੱਟ ਚੁੱਕੀ ਹੈ। ਪੰਜਾਬ ਸਰਕਾਰ ਨੂੰ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਪੰਜਾਬੀਆਂ ਦੇ ਸਹਿਯੋਗ ਦੀ ਲੋੜ ਹੈ ਕਿਉਂਕਿ ਕੋਈ ਵੀ ਕੰਮ ਪੰਜਾਬੀਆਂ ਦੇ ਸਹਿਯੋਗ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ । ਜੇ ਕੋਈ ਪੁਲਸ ਵਾਲਾ ਨਸ਼ਿਆਂ ਦੇ ਸਮੱਗਲਰਾਂ ਜਾਂ ਹੋਰਾਂ ਵਿਅਕਤੀਆਂ ਦੀ ਮਦਦ ਕਰਦਾ ਹੈ ਤਾਂ ਉਸ ਬਾਰੇ ਵੀ ਸੂਚਨਾ ਸਰਕਾਰ ਤਕ ਪਹੁੰਚਾਈ ਜਾਏ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਸਰਕਾਰ ਵਲੋਂ ਨਸ਼ੇ ਕਰਨ ਵਾਲੇ ਲੋਕਾਂ ਦਾ ਇਲਾਜ ਕਰਨ ਲਈ ਵਿਸ਼ੇਸ਼ ਤੌਰ 'ਤੇ 'ਓਟਸ ਕਲੀਨਿਕ' ਖੋਲੇ ਗਏ ਹਨ। ਇਨ੍ਹਾਂ 'ਚ 60 ਹਜ਼ਾਰ ਤੋਂ ਵੱਧ ਵਿਅਕਤੀਆਂ ਦਾ ਇਲਾਜ ਕੀਤਾ ਜਾਂਦਾ ਹੈ। ਪੰਜਾਬੀ ਇਕ ਬਹਾਦਰ ਕੌਮ ਹੈ। ਜਿਸ ਤਰ੍ਹਾਂ ਪੰਜਾਬੀਆਂ ਨੇ ਅੱਤਵਾਦ ਵਿਰੁੱਧ ਲੜਦੇ ਹੋਏ ਜੰਗ 'ਚ ਸਫਲਤਾ ਹਾਸਲ ਕੀਤੀ ਸੀ, ਉਸੇ ਤਰ੍ਹਾਂ ਹੁਣ ਪੰਜਾਬੀਆਂ ਨੂੰ ਨਸ਼ਿਆਂ ਵਿਰੁੱਧ ਲੜੀ ਜਾ ਰਹੀ ਜੰਗ 'ਚ ਸਫਲਤਾ ਹਾਸਲ ਕਰਨੀ ਹੈ। ਪੰਜਾਬ 'ਚ ਕਈ ਅਜਿਹੇ ਪਿੰਡ ਵੀ ਹਨ ਜਿਥੇ ਲੋਕਾਂ ਨੇ ਖੁਦ ਹੀ ਨਸ਼ਿਆਂ ਤੋਂ ਛੁਟਕਾਰਾ ਪਾ ਲਿਆ ਹੈ । ਇਸ ਦਾ ਕਾਰਨ ਇਹ ਹੈ ਕਿ ਅਜਿਹੇ ਪਿੰਡਾਂ 'ਚ ਜੇ ਕੋਈ ਨਸ਼ਾ ਵੇਚਣ ਲਈ ਆਉਂਦਾ ਹੈ ਤਾਂ ਲੋਕ ਉਸ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੰਦੇ ਹਨ ਜਾਂ ਦੌੜਾ ਦਿੰਦੇ ਹਨ। ਅਜਿਹੀ ਭਾਵਨਾ ਸਭ ਪਿੰਡਾਂ 'ਚ ਪੈਦਾ ਕਰਨ ਦੀ ਲੋੜ ਹੈ। ਸਰਕਾਰ ਉਦੋਂ ਤਕ ਚੈਨ ਨਾਲ ਨਹੀਂ ਬੈਠੇਗੀ ਜਦੋਂ ਤਕ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਨਹੀਂ ਕਰਵਾ ਦਿੱਤਾ ਜਾਂਦਾ।


Gurminder Singh

Content Editor

Related News