ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਿਕ ਵਿਕਾਸ ਲਈ ਉੱਦਮੀਆਂ ਕੋਲੋਂ ਮੰਗਿਆ ਸਹਿਯੋਗ

Wednesday, Dec 18, 2019 - 10:09 PM (IST)

ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਿਕ ਵਿਕਾਸ ਲਈ ਉੱਦਮੀਆਂ ਕੋਲੋਂ ਮੰਗਿਆ ਸਹਿਯੋਗ

ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਤੇਜ਼ ਰਫ਼ਤਾਰ ਦੇਣ ਲਈ ਉੱਦਮੀਆਂ ਕੋਲੋਂ ਸਹਿਯੋਗ ਮੰਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਨਵੈਸਟ ਪੰਜਾਬ ਸਮਿਟ ਤੋਂ ਬਾਅਦ ਅੱਜ ਵੀ ਵੱਡੇ ਉੱਦਮੀਆਂ ਨਾਲ ਉਦਯੋਗਿਕ ਵਿਕਾਸ 'ਤੇ ਚਰਚਾ ਕਰਨ ਲਈ ਮੀਟਿੰਗਾਂ ਦਾ ਦੌਰ ਜਾਰੀ ਰੱਖਿਆ। ਮੁੱਖ ਮੰਤਰੀ ਨਾਲ ਅੱਜ ਮਿਲਣ ਵਾਲਿਆਂ ਵਿਚ ਵਰਧਮਾਨ ਟੈਕਸਟਾਈਲ ਲਿਮਟਿਡ ਦੇ ਚੇਅਰਮੈਨ ਐੱਸ. ਪੀ. ਓਸਵਾਲ ਅਤੇ ਨਾਹਰ ਇੰਡਸਟਰੀਅਲ ਇੰਟਰਪ੍ਰਾਈਜ਼ਿਜ਼ ਦੇ ਉੱਪ ਚੇਅਰਮੈਨ ਕਮਲ ਓਸਵਾਲ ਸ਼ਾਮਲ ਸਨ। ਮੀਟਿੰਗ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਉਦਯੋਗਿਕ ਵਿਕਾਸ ਵਿਚ ਸਟੀਲ ਅਤੇ ਟੈਕਸਟਾਈਲ ਸੈਕਟਰਾਂ ਦਾ ਯੋਗਦਾਨ ਅਹਿਮ ਰਹਿਣਾ ਹੈ, ਇਸ ਲਈ ਇਨ੍ਹਾਂ ਦੋਵਾਂ ਖੇਤਰਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਉੱਦਮੀਆਂ ਕੋਲੋਂ ਰਾਇ ਮੰਗੀ ਕਿ ਕਿਸ ਤਰ੍ਹਾਂ ਸਟੀਲ ਅਤੇ ਟੈਕਸਟਾਈਲ ਸੈਕਟਰਾਂ ਦਾ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਉਦਯੋਗਿਕ ਵਿਕਾਸ ਲਈ ਨਵੇਂ ਅਤੇ ਮੌਜੂਦਾ ਦੋਵੇਂ ਤਰ੍ਹਾਂ ਦੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪਿਛਲੇ 10 ਸਾਲਾਂ ਵਿਚ ਉਦਯੋਗਿਕ ਤੌਰ 'ਤੇ ਪੱਛੜ ਗਿਆ ਸੀ ਪਰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਪੰਜਾਬ ਨੂੰ ਉਨ੍ਹਾਂ ਉਦਯੋਗਿਕ ਤੌਰ ਉੱਤੇ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।


Related News