ਕੈਪਟਨ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਫੀ ਟੇਬਲ ਬੁੱਕ ਦੀ ਪਹਿਲੀ ਜਿਲਦ ਜਾਰੀ

07/24/2019 11:22:50 PM

ਚੰਡੀਗੜ੍ਹ,(ਅਸ਼ਵਨੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਵਜੋਂ ਅੱਜ ਸੂਬਾ ਸਰਕਾਰ ਵਲੋਂ ਪ੍ਰਕਾਸ਼ਿਤ ਕੀਤੀ ਗਈ ਕੌਫੀ ਟੇਬਲ ਬੁੱਕ ਦੀ ਪਹਿਲੀ ਜਿਲਦ ਜਾਰੀ ਕੀਤੀ। ਇਹ ਕਿਤਾਬ ਕੈਬਨਿਟ ਮੰਤਰੀਆਂ ਦੀ ਹਾਜ਼ਰੀ 'ਚ ਜਾਰੀ ਕੀਤੀ ਗਈ। 70 ਸਫ਼ਿਆਂ ਦੀ ਇਹ ਕਿਤਾਬ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਦੀ ਲੜੀ 'ਚ ਨਵੰਬਰ, 2018 ਤੋਂ ਜੂਨ, 2019 ਤੱਕ ਹੋਏ ਵਿਸ਼ੇਸ਼ ਸਮਾਗਮਾਂ ਦਾ ਵਿਸਥਾਰ 'ਚ ਵਰਨਣ ਕਰਦੀ ਹੈ। ਇਨ੍ਹਾਂ ਸਮਾਗਮਾਂ 'ਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਇਸ ਇਤਿਹਾਸਕ ਮੌਕੇ ਨੂੰ ਸਮਰਪਿਤ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਜੁੜੇ ਹੋਰ ਕਾਰਜ ਸ਼ਾਮਲ ਹਨ।
ਇਸੇ ਤਰ੍ਹਾਂ ਸੂਬਾ ਸਰਕਾਰ ਵਲੋਂ ਪ੍ਰਕਾਸ਼ ਪੁਰਬ ਮੌਕੇ ਵਿੱਢੇ ਹੋਰ ਕਾਰਜਾਂ ਨੂੰ ਵੀ ਇਸ ਕਿਤਾਬ 'ਚ ਵਿਧੀਪੂਰਵਕ ਢੰਗ ਨਾਲ ਉਜਾਗਰ ਕੀਤਾ ਗਿਆ ਹੈ। ਇਨ੍ਹਾਂ 'ਚ ਪਿੰਡ ਬਾਬੇ ਨਾਨਕ ਦਾ, ਬੇਬੇ ਨਾਨਕੀ ਕਾਲਜ ਫਾਰ ਗਰਲਜ਼, ਆਲ੍ਹਾ ਦਰਜੇ ਦਾ ਆਡੀਟੋਰੀਅਮ, ਹਰੇਕ ਪਿੰਡ 'ਚ 550 ਬੂਟੇ ਲਾਉਣੇ, ਨਾਨਕ ਬਗੀਚੀ, ਸਰਬੱਤ ਸਿਹਤ ਬੀਮਾ ਯੋਜਨਾ ਤੇ ਪਵਿੱਤਰ ਕਾਲੀ ਵੇਈਂ ਦੀ ਸਫਾਈ ਦੇ ਉਪਰਾਲੇ ਮੁੱਖ ਤੌਰ 'ਤੇ ਸ਼ਾਮਲ ਹਨ। ਕਿਤਾਬ ਰਿਲੀਜ਼ ਕਰਨ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੌਤ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਓਮ ਪ੍ਰਕਾਸ਼ ਸੋਨੀ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਣ ਆਸ਼ੂ ਵੀ ਹਾਜ਼ਰ ਸਨ।
 


Related News