ਕੈਪਟਨ ਦਾ ਹੁਕਮ, ਜ਼ਿਮਨੀ ਚੋਣਾਂ ਵਾਲੇ ਹਲਕਿਆਂ ''ਚੋਂ ਬਾਹਰ ਨਾ ਜਾਣ ਮੰਤਰੀ
Wednesday, Oct 02, 2019 - 06:22 PM (IST)
ਜਲੰਧਰ (ਧਵਨ) : ਪੰਜਾਬ 'ਚ 4 ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ ਦੀਆਂ 21 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੇ ਸਾਰੇ ਮੰਤਰੀਆਂ ਨੂੰ ਇਨ੍ਹਾਂ ਚਾਰੇ ਵਿਧਾਨ ਸਭਾ ਹਲਕਿਆਂ 'ਚ ਡਟੇ ਰਹਿਣ ਦੀਆਂ ਹਦਾਇਤਾਂ ਕੀਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜਦੋਂ ਕੋਈ ਬੇਹੱਦ ਜ਼ਰੂਰੀ ਸਰਕਾਰੀ ਮੀਟਿੰਗ ਹੋਵੇ ਤਾਂ ਹੀ ਉਹ ਚੰਡੀਗੜ੍ਹ ਜਾਣ, ਨਹੀਂ ਤਾਂ ਚਾਰੇ ਵਿਧਾਨ ਸਭਾ ਹਲਕਿਆਂ 'ਚ ਆਪਣੀਆਂ ਵੰਡੀਆਂ ਗਈਆਂ ਡਿਊਟੀਆਂ ਨੂੰ ਪੂਰਾ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਹਲਕਿਆਂ ਤੋਂ ਬਾਹਰ ਜਾਣ 'ਚ ਸਮਾਂ ਬਰਬਾਦ ਹੋਵੇਗਾ, ਇਸ ਲਈ ਸਿਰਫ਼ ਅਤਿਅੰਤ ਜ਼ਰੂਰੀ ਕੰਮਾਂ ਲਈ ਹੀ ਮੰਤਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਬਾਹਰ ਜਾਣਾ ਹੋਵੇਗਾ। ਮੰਤਰੀਆਂ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਹੁਣ ਉਹ 19 ਅਕਤੂਬਰ ਤੱਕ ਤਾਂ ਇਨ੍ਹਾਂ 4 ਵਿਧਾਨ ਸਭਾ ਹਲਕਿਆਂ 'ਚ ਰਹਿ ਕੇ ਪਾਰਟੀ ਲਈ ਕੰਮ ਕਰਨਗੇ।
ਮੁੱਖ ਮੰਤਰੀ ਨੇ ਆਪਣੀ ਟੀਮ ਰਾਹੀਂ ਸਾਰਿਆਂ ਦੀਆਂ ਸਰਗਰਮੀਆਂ ਦੀਆਂ ਰੋਜ਼ਾਨਾ ਜਾਣਕਾਰੀਆਂ ਵੀ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਆਦਾਤਰ ਮੰਤਰੀਆਂ ਦੀਆਂ ਡਿਊਟੀਆਂ ਚਾਰੇ ਵਿਧਾਨ ਸਭਾ ਹਲਕਿਆਂ 'ਚ ਲਾ ਦਿੱਤੀਆਂ ਗਈਆਂ ਹਨ। ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਖੇਤਰਾਂ 'ਚ ਪਾਰਟੀ ਦੀ ਚੋਣ ਮੁਹਿੰਮ 'ਚ ਤੇਜ਼ੀ ਲਿਆਉਣ। ਮੁੱਖ ਮੰਤਰੀ ਨੇ ਕੱਲ ਦਾਅਵਾ ਕੀਤਾ ਸੀ ਕਿ ਕਾਂਗਰਸ ਚਾਰੇ ਸੀਟਾਂ ਨੂੰ ਜਿੱਤ ਲਵੇਗੀ। ਸਭ ਤੋਂ ਵੱਕਾਰੀ ਸੀਟਾਂ ਜਲਾਲਾਬਾਦ ਅਤੇ ਦਾਖਾ ਬਣ ਚੁੱਕੀਆਂ ਹਨ, ਜਿਥੇ ਤਰਤੀਬਵਾਰ ਕਾਂਗਰਸ ਨੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਸਿੰਘ ਆਵਲਾ ਤੇ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਜਲਾਲਾਬਾਦ ਵਿਧਾਨ ਸਭਾ ਹਲਕੇ 'ਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਪ੍ਰਮੁੱਖ ਜ਼ਿੰਮੇਵਾਰੀ ਸੌਂਪੀ ਗਈ ਹੈ। ਮੁੱਖ ਮੰਤਰੀ ਨੇ ਜਾਖੜ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਰਮਿਆਨ ਵੀ ਸੁਲਾਹ ਕਰਵਾ ਦਿੱਤੀ ਸੀ। ਫਗਵਾੜਾ ਅਤੇ ਮੁਕੇਰੀਆਂ 'ਚ ਵੀ ਸੀਨੀਅਰ ਮੰਤਰੀਆਂ 'ਚ ਜ਼ਿੰਮੇਵਾਰੀਆਂ ਦੀ ਵੰਡ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਸਾਰੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਆਪੋ-ਆਪਣੇ ਹਲਕਿਆਂ ਨਾਲ ਸਬੰਧਤ ਰਿਪੋਰਟਾਂ ਰੋਜ਼ਾਨਾ ਸ਼ਾਮ ਨੂੰ ਉਨ੍ਹਾਂ ਨੂੰ ਦੇਣ। ਮੁੱਖ ਮੰਤਰੀ ਨੇ ਜਲਾਲਾਬਾਦ ਸਬੰਧੀ ਕੱਲ ਹੀ ਸੀਨੀਅਰ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ। ਮੁੱਖ ਮੰਤਰੀ ਦੇ ਚੋਣ ਮੈਦਾਨ 'ਚ ਉੱਤਰਨ ਤੋਂ ਪਹਿਲਾਂ ਮੰਤਰੀਆਂ ਵੱਲੋਂ ਚੋਣ ਮੁਹਿੰਮ ਚਲਾਈ ਜਾਵੇਗੀ। ਕੈਪਟਨ ਅਖੀਰ 'ਚ ਚੋਣ ਮੈਦਾਨ 'ਚ ਨਿੱਤਰਨਗੇ ਅਤੇ ਸੰਭਵ ਤੌਰ 'ਤੇ ਉਨ੍ਹਾਂ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਰੋਡ ਸ਼ੋਅ ਆਖ਼ਰੀ ਪੜਾਅ 'ਤੇ ਆਯੋਜਿਤ ਕੀਤੇ ਜਾਣਗੇ।