ਕੈਪਟਨ ਸਮੇਤ ਉਨ੍ਹਾਂ ਦੇ ਮੰਤਰੀਆਂ, ਵਿਧਾਇਕਾਂ ਤੇ ਵਰਕਰਾਂ ਨੇ ਮਨਾਇਆ ''ਅਰਦਾਸ'' ਦਿਵਸ
Monday, Apr 13, 2020 - 07:50 PM (IST)

ਜਲੰਧਰ,(ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਉਨ੍ਹਾਂ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਕਾਂਗਰਸੀ ਨੇਤਾਵਾਂ ਵਲੋਂ ਅੱਜ ਸੂਬੇ ਭਰ 'ਚ ਪੰਜਾਬ ਨੂੰ ਵਾਇਰਸ ਤੋਂ ਮੁਕਤੀ ਦਿਵਾਉਣ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਅਰਦਾਸ ਦਿਵਸ ਮਨਾਇਆ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਇਸ ਔਖੀ ਘੜੀ 'ਚ ਪੰਜਾਬ ਅਤੇ ਦੇਸ਼ ਨੂੰ ਕੋਰੋਨਾ ਵਾਇਰਸ ਤੋਂ ਮੁਕਤੀ ਦਿਵਾਓ ਤਾਂ ਕਿ ਇਕ ਵਾਰ ਫਿਰ ਤੋਂ ਦੇਸ਼ 'ਚ ਜ਼ਿੰਦਗੀ ਪਟੜੀ 'ਤੇ ਆ ਸਕੇ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਣ ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਕਰਫਿਊ/ਲਾਕਡਾਊਨ ਦੇ ਹਾਲਾਤ ਬਣੇ ਹੋਏ ਹਨ। ਮੁੱਖ ਮੰਤਰੀ ਨੇ ਕੱਲ ਵਿਸਾਖੀ ਦੀ ਪੂਰਬਲੀ ਸ਼ਾਮ 'ਤੇ ਪੰਜਾਬੀਆਂ ਦੇ ਨਾਂ ਆਪਣੇ ਸੰਦੇਸ਼ 'ਚ ਕਿਹਾ ਸੀ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸਭ ਕਾਂਗਰਸੀ ਆਗੂਆਂ ਅਤੇ ਹੋਰ ਲੋਕਾਂ ਨੇ ਆਪਣੇ ਘਰਾਂ 'ਚ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।