ਸਰਕਾਰ ਦੇ ਰੋਜ਼ਗਾਰ ਸਿਰਜਣ ਪ੍ਰੋਗਰਾਮ ਬਾਰੇ ਝੂਠੇ ਅੰਕੜੇ ਪੇਸ਼ ਕਰ ਰਹੇ ਅਕਾਲੀ : ਕੈਪਟਨ
Monday, Mar 09, 2020 - 05:59 PM (IST)
ਜਲੰਧਰ (ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਸਿਰਜਣ ਪ੍ਰੋਗਰਾਮ ਬਾਰੇ ਅਕਾਲੀਆਂ ਦੀ ਆਲੋਚਨਾ ਝੂਠੇ ਅੰਕੜਿਆਂ 'ਤੇ ਅਧਾਰਿਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਸਰਕਾਰ 'ਤੇ ਹਮਲੇ ਕਰਨ ਲਈ ਆਰਥਿਕ ਸਰਵੇਖਣ ਦੀ ਰਿਪੋਰਟ ਨੂੰ ਆਧਾਰ ਬਣਾਇਆ ਹੈ, ਜਿਹੜੀ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਆਰਥਿਕ ਸਰਵੇਖਣ 2017-18 ਦੇ ਅੰਕੜਿਆਂ 'ਤੇ ਅਧਾਰਿਤ ਸੀ । ਇਸ ਦੀ ਹਵਾਲਾ ਮਿਆਦ ਜੁਲਾਈ 2017 ਤੋਂ ਜੂਨ 2018 ਦੀ ਲਈ ਗਈ ਹੈ। ਇਸ ਸਮੇਂ ਤੱਕ ਕਾਂਗਰਸ ਸਰਕਾਰ ਨੂੰ ਸੱਤਾ 'ਚ ਆਏ ਮਸਾਂ ਇਕ ਸਾਲ ਦਾ ਸਮਾਂ ਹੋਇਆ ਸੀ ਅਤੇ ਉਸ ਨੂੰ ਅਕਾਲੀ-ਭਾਜਪਾ ਸਰਕਾਰ ਤੋਂ ਵਿਰਾਸਤ 'ਚ ਤਬਾਹਕੁੰਨ ਅਰਥ ਵਿਵਸਥਾ ਮਿਲੀ ਸੀ ।
ਮੁੱਖ ਮੰਤਰੀ ਨੇ ਕਿਹਾ ਕਿ ਸਰਵੇਖਣ 'ਚ ਸੈਂਪਲ ਦਾ ਬਹੁਤ ਛੋਟਾ ਆਕਾਰ ਲਿਆ ਗਿਆ ਹੈ। ਦਿਹਾਤੀ ਖੇਤਰਾਂ ਤੋਂ 6497 ਅਤੇ ਸ਼ਹਿਰੀ ਖੇਤਰਾਂ ਤੋਂ 6497 ਲੋਕਾਂ ਨੂੰ ਸੈਂਪਲ 'ਚ ਸ਼ਾਮਲ ਕੀਤਾ ਗਿਆ ਹੈ । ਇਸ ਹਿਸਾਬ ਨਾਲ ਪੰਜਾਬ ਦੀ 2.27 ਕਰੋੜ ਅਬਾਦੀ 'ਚੋਂ ਕੁੱਲ 13374 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਜੇਕਰ ਨੌਜਵਾਨਾਂ ਨੂੰ ਦੇਖਿਆ ਜਾਵੇ ਤਾਂ 15 ਤੋਂ 29 ਸਾਲ ਦੀ ਉਮਰ ਵਾਲੇ ਸਿਲਸਲੇਵਾਰ 1870 ਅਤੇ 1961 ਨੌਜਵਾਨਾਂ ਨੂੰ ਸੈਂਪਲ 'ਚ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਸੂਬੇ 'ਚ ਨੌਜਵਾਨਾਂ ਦੀ ਕੁੱਲ ਗਿਣਤੀ 80.58 ਲੱਖ ਹੈ। ਸੈਂਪਲ ਦੇ ਇੰਨੇ ਛੋਟੇ ਆਕਾਰ ਨਾਲ ਸਹੀ ਤੱਥ ਬਾਹਰ ਨਹੀਂ ਆ ਸਕਦੇ।
ਉਨ੍ਹਾਂ ਕਿਹਾ ਕਿ ਸੂਬੇ ਨੂੰ ਬਦਤਰ ਹਾਲਤ 'ਚ ਘੱਲ੍ਹਣ ਲਈ ਸੂਬੇ ਤੋਂ ਮੁਆਫ਼ੀ ਮੰਗਣ ਦੀ ਥਾਂ ਉਹ ਉਸ ਕਾਂਗਰਸ ਸਰਕਾਰ 'ਤੇ ਝੂਠੀਆਂ ਤੁਹਮਤਾਂ ਲਾ ਰਹੇ ਹਨ ਜਿਸ ਨੇ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਤਹਿਤ 12.15 ਲੱਖ ਨੌਕਰੀਆਂ ਨੌਜਵਾਨਾਂ ਨੂੰ ਦੁਆਈਆਂ ਹਨ । ਇਨ੍ਹਾਂ 'ਚ 57905 ਨੌਜਵਾਨਾਂ ਨੂੰ ਸਰਕਾਰ 'ਚ ਥਾਂ ਦਿੱਤੀ ਗਈ ਹੈ ਜਦੋਂਕਿ 3.97 ਲੱਖ ਲੋਕਾਂ ਨੂੰ ਗ਼ੈਰ-ਸਰਕਾਰੀ ਖੇਤਰ 17.61 ਲੋਕਾਂ ਨੂੰ ਸਵੈ-ਰੁਜ਼ਗਾਰ ਅਪਣਾਉਣ ਲਈ ਅੱਗੇ ਤੋਰਿਆ ਗਿਆ ਹੈ । ਮਨਰੋਗਾ ਤਹਿਤ 20.21 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਅੰਕੜੇ ਸ਼ਾਇਦ ਅਕਾਲੀਆਂ ਨੂੰ ਚੁਭਣਗੇ ।