ਆਮ ਆਦਮੀ ਪਾਰਟੀ ਨਾਲ ਗਠਜੋੜ ''ਤੇ ਕੈਪਟਨ ਦਾ ਵੱਡਾ ਬਿਆਨ
Tuesday, Jul 24, 2018 - 05:57 PM (IST)

ਚੰਡੀਗੜ੍ਹ (ਮਨਮੋਹਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਕਾਂਗਰਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਕਿਸੇ ਗਠਜੋੜ ਦੀ ਜ਼ਰੂਰਤ ਨਹੀਂ ਹੈ ਅਤੇ ਕਾਂਗਰਸ ਆਸਾਨੀ ਨਾਲ ਇਨ੍ਹਾਂ ਚੋਣਾਂ 'ਚ ਜਿੱਤ ਹਾਸਲ ਕਰੇਗੀ। ਕੈਪਟਨ ਨੇ ਕਿਹਾ ਕਿ ਕਾਰਪੋਰੇਸ਼ਨ ਚੋਣਾਂ, ਗੁਰਦਾਸਪੁਰ ਜ਼ਿਮਨੀ ਚੋਣ, ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਸ਼ਾਨਦਾਰ ਜਿੱਤ ਰਹੀ ਅਤੇ ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਪਾਰਟੀ ਨੂੰ ਕਿਸੇ ਗਠਜੋੜ ਦੀ ਜ਼ਰੂਰਤ ਨਹੀਂ ਹੈ।
ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਆਧਾਰ ਪੂਰੀ ਤਰ੍ਹਾਂ ਖੁੱਸ ਚੁੱਕਾ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਦੀ ਗੱਲ ਨਹੀਂ ਆਖੀ। ਉਨ੍ਹਾਂ ਕਿਹਾ ਕਿ ਅਸਲ ਵਿਚ ਕਾਂਗਰਸ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਦੌਰਾਨ ਹੂੰਝਾ-ਫੇਰ ਜਿੱਤ ਹਾਸਲ ਕੀਤੀ ਹੈ ਅਤੇ ਇਹ ਜਿੱਤ ਅੱਗੇ ਵੀ ਜਾਰੀ ਰਹੇਗੀ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੁਹਰਾਇਆ ਕਿ ਚੋਣਾਂ ਤੋਂ ਪਹਿਲਾਂ ਗਠਜੋੜ ਬਾਰੇ ਅੰਤਿਮ ਫੈਸਲਾ ਕਾਂਗਰਸ ਹਾਈ ਕਮਾਂਨ ਵਲੋਂ ਕੀਤਾ ਜਾਣਾ ਹੈ ਅਤੇ ਉਸ ਵਲੋਂ ਲਿਆ ਗਿਆ ਫੈਸਲਾ ਪੰਜਾਬ ਸਣੇ ਸਾਰੇ ਸੂਬਿਆਂ ਦੀਆਂ ਇਕਾਈਆਂ ਵਲੋਂ ਪ੍ਰਵਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਗਠਜੋੜ ਕਾਇਮ ਕਰਨਾ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਦੇ ਅਧਿਕਾਰ ਖੇਤਰ ਵਿਚ ਹੈ ਅਤੇ ਉਸ ਵਲੋਂ ਇਸ ਸਬੰਧੀ ਫੈਸਲਾ ਢੁਕਵੇਂ ਸਮੇਂ 'ਤੇ ਲਿਆ ਜਾਵੇਗਾ।