ਪਾਕਿ ਨੂੰ ਕੈਪਟਨ ਦਾ ਸੱਦਾ ਕਬੂਲ ਨਹੀਂ, ਕਿਹਾ ਪਹਿਲਾਂ ਕੈਪਟਨ ਆਉਣ
Saturday, Nov 24, 2018 - 07:27 PM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਅੰਦਰ ਕਰਤਾਰਪੁਰ ਕਾਰੀਡੋਰ ਦੇ ਲਾਂਘੇ ਦੇ ਨਿਰਮਾਣ ਸੰਬੰਧੀ 26 ਤਾਰੀਕ ਨੂੰ ਹੋਣ ਵਾਲੇ ਪ੍ਰੋਗਰਾਮ ਵਿਚ ਪਾਕਿਸਤਾਨ ਅਸੈਂਬਲੀ ਦੇ ਸਪੀਕਰ ਤੇ ਆਪਣੇ ਦੋਸਤ ਚੌਧਰੀ ਪਰਵੇਜ਼ ਇਲਾਹੀ ਨੂੰ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਸੱਦਾ ਭੇਜਿਆ ਹੈ। ਉਧਰ ਇਲਾਹੀ ਨੇ ਇਹ ਕਹਿੰਦੇ ਹੋਏ ਇਸ ਸੱਦੇ ਤੋਂ ਇਨਕਾਰ ਕਰ ਦਿੱਤਾ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਆਉਣ ਫਿਰ ਉਹ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ। ਇਥੇ ਹੀ ਬਸ ਨਹੀਂ ਪਰਵੇਜ਼ ਇਲਾਹੀ ਨੇ ਉਲਟਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ 28 ਨਵੰਬਰ ਨੂੰ ਪਾਕਿ ਵਿਚ ਰੱਖੇ ਜਾਣ ਵਾਲੇ ਕਾਰੀਡੋਰ ਲਾਂਘੇ ਦੇ ਨਿਰਮਾਣ ਵਿਚ ਸ਼ਿਰਕਤ ਕਰਨ ਲਈ ਸੱਦਾ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਰਾਹੀਂ ਪਰਵੇਜ਼ ਇਲਾਹੀ ਨੂੰ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਸੱਦਾ ਭੇਜਿਆ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਸਰਕਾਰ 28 ਨਵੰਬਰ ਦੇ ਪ੍ਰੋਗਰਾਮ ਲਈ ਪਹਿਲਾਂ ਹੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਸੱਦਾ ਭੇਜ ਚੁੱਕੀ ਹੈ। ਉਧਰ ਨਵਜੋਤ ਸਿੱਧੂ ਵੀ ਇਸ ਪ੍ਰੋਗਰਾਮ ਵਿਚ ਜਾਣ ਲਈ ਹਾਮੀ ਭਰ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪਾਕਿਸਤਾਨ ਵਲੋਂ ਮਿਲੇ ਸੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਕੀ ਪ੍ਰਤੀਕਰਮ ਹੁੰਦਾ ਹੈ।