ਕੈਪਟਨ ਅਮਰਿੰਦਰ ਨੂੰ ਲੈ ਕੇ ਨਵਾਂ ਵੀਡੀਓ ਵਾਇਰਲ, ਮੋਦੀ ਤੇ ਬਾਦਲਾਂ ਨੂੰ ਲਲਕਾਰਿਆ

Tuesday, May 28, 2019 - 12:08 PM (IST)

ਕੈਪਟਨ ਅਮਰਿੰਦਰ ਨੂੰ ਲੈ ਕੇ ਨਵਾਂ ਵੀਡੀਓ ਵਾਇਰਲ, ਮੋਦੀ ਤੇ ਬਾਦਲਾਂ ਨੂੰ ਲਲਕਾਰਿਆ

ਜਲੰਧਰੀ (ਧਵਨ) : ਲੋਕ ਸਭਾ ਚੋਣਾਂ 'ਚ ਮੋਦੀ ਲਹਿਰ ਨੂੰ ਢਹਿ-ਢੇਰੀ ਕਰਨ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਕ ਨਵਾਂ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਦਾ ਸਿਰਲੇਖ ਹੈ 'ਸਾਡਾ ਫੌਜੀ ਤਾਂ ਏਦਾਂ ਦਾ ਹੀ ਏ'। ਇਸ ਵੀਡੀਓ 'ਚ ਕੈਪਟਨ ਅਮਰਿੰਦਰ ਸਿੰਘ ਦੀ ਰਾਸ਼ਟਰਵਾਦੀ ਸਾਖ ਨੂੰ ਹੋਰ ਉਭਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਵੀਡੀਓ ਦੇ ਸ਼ੁਰੂ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ 'ਚ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਲਲਕਾਰਣ ਦੇ ਬਿਆਨ ਨੂੰ ਉਭਾਰਿਆ ਗਿਆ ਹੈ ਜਿਸ 'ਚ ਕੈਪਟਨ ਗੁੱਸੇ 'ਚ ਜਨਰਲ ਬਾਜਵਾ ਨੂੰ ਲਲਕਾਰਦਿਆਂ ਬੋਲ ਰਹੇ ਹਨ ਕਿ 'ਤੂੰ ਪੰਜਾਬੀ ਤੇ ਅਸੀਂ ਵੀ ਪੰਜਾਬੀ, ਤੇ ਤੂੰ ਇਥੇ ਵੜ ਕੇ ਵੇਖ'। ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਵੀਡੀਓ 'ਚ ਧਾਰਮਿਕ ਗੰ੍ਰਥਾਂ ਦੀ ਬੇਅਦਬੀ ਦੇ ਮਾਮਲੇ ਦਾ ਵੀ ਜ਼ੋਰ-ਸ਼ੋਰ ਨਾਲ ਜ਼ਿਕਰ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ 'ਸਾਡਾ ਫੌਜੀ ਬੇਅਦਬੀ ਦੇ ਮਾਮਲੇ 'ਚ ਠੋਕ ਕੇ ਬੋਲਦਾ ਹੈ'। ਇਸ 'ਚ ਬਾਦਲ ਨੂੰ ਗੌਰ ਕਰਨ ਲਈ ਕਹਿੰਦੇ ਹੋਏ ਕਿਹਾ ਗਿਆ ਹੈ ਕਿ ਕੈਪਟਨ ਇਸ ਮਾਮਲੇ 'ਚ ਕੋਈ ਦਬਾਅ ਸਹਿਣ ਵਾਲੇ ਨਹੀਂ ਹਨ ਅਤੇ ਨਾਲ ਹੀ ਇਹ ਫਿਰ ਕਹਿ ਦਿੱਤਾ ਕਿ 'ਸਾਡਾ ਫੌਜੀ ਤਾਂ ਏਦਾਂ ਦਾ ਹੀ ਏ'।

ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਦੇਖਿਆ ਗਿਆ ਹੈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਹਮਲਾ ਕਰਨ ਤੋਂ ਕੈਪਟਨ ਨਹੀਂ ਖੁੰਝੇ ਹਨ। ਇਸ 'ਚ ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਜਿਥੇ ਮੋਦੀ ਧਰਮ ਦੀ ਰਾਜਨੀਤੀ ਕਰ ਰਹੇ ਹਨ ਤਾਂ ਦੂਜੇ ਪਾਸੇ ਕੈਪਟਨ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੇ ਹਨ। ਵੀਡੀਓ 'ਚ ਕੈਪਟਨ ਵਲੋਂ ਕਰਜ਼ਾ ਮੁਆਫੀ ਨੂੰ ਲੈ ਕੇ ਚੁੱਕੇ ਗਏ ਕਦਮਾਂ ਦਾ ਵੀ ਵਰਨਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਫੌਜੀ ਏਦਾਂ ਦਾ ਹੀ ਏ ਜੋ ਕਿਸਾਨਾਂ ਦੇ ਹੱਕ 'ਚ ਹੈ ਅਤੇ ਨਾਲ ਹੀ ਓ ਸਾਡੇ ਹੱਕਾਂ ਲਈ ਲੜਦਾ ਹੈ। ਰਾਜਨੀਤੀ ਕਰਨ ਵਾਲਿਆਂ ਨੂੰ ਚਾਹੇ ਇਹ ਚੰਗਾ ਨਾ ਲੱਗਦਾ ਹੋਵੇ ਪਰ ਸਾਡਾ ਫੌਜੀ ਤਾਂ ਏਦਾਂ ਦਾ ਹੀ ਏ। 
 


author

Anuradha

Content Editor

Related News