ਕੈਪਟਨ ਨੇ ਹਮੇਸ਼ਾ ਪੰਜਾਬ ਨੂੰ ਕਾਰਪੋਰੇਟ ਦੇ ਹੱਥਾਂ ’ਚ ਸੌਂਪਣ ਦੀ ਕੀਤੀ ਕੋਸ਼ਿਸ਼ : ਮਾਨ
Wednesday, Feb 10, 2021 - 12:56 AM (IST)
ਚੰਡੀਗੜ੍ਹ,(ਰਮਨਜੀਤ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਹਲੂਵਾਲੀਆ ਕਮੇਟੀ ਦੀ ਮੁੱਢਲੀ ਰਿਪੋਰਟ ਖਾਰਜ ਕੀਤੇ ਜਾਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਇਸ ਨੂੰ ਦਿਖਾਵਾ ਕਰਾਰ ਦਿੱਤਾ।
‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਅਸਲੀ ਮਕਸਦ ਮੌਂਟੇਕ ਸਿੰਘ ਅਹਲੂਵਾਲੀਆ ਕਮੇਟੀ ਦੀ ਰਿਪੋਰਟ ਅਨੁਸਾਰ ਖੇਤੀ, ਏ. ਪੀ. ਐੱਮ. ਸੀ. ਅਤੇ ਬਿਜਲੀ ਖੇਤਰ ਵਿਚ ਵਿਨਿਵੇਸ਼ ਮਾਡਲ ਨੂੰ ਲਾਗੂ ਕਰਨਾ ਸੀ ਪਰ ਕਿਸਾਨ ਅੰਦੋਲਨ ਤੋਂ ਡਰ ਕੇ ਉਨ੍ਹਾਂ ਆਪਣੇ ਕਦਮ ਪਿੱਛੇ ਖਿੱਚ ਲਏ ਅਤੇ ਹੁਣ ਖੁਦ ਨੂੰ ਕਿਸਾਨ ਸਮਰਥਕ ਦੱਸਣ ਲਈ ਕਮੇਟੀ ਦੀਆਂ ਮੁੱਢਲੀਆਂ ਰਿਪੋਰਟਾਂ ਨੂੰ ਖਾਰਜ ਕਰਨ ਦਾ ਡਰਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਹਮੇਸ਼ਾ ਕਿਸਾਨ ਸਮਰਥਕ ਹੋਣ ਦਾ ਵਿਖਾਵਾ ਕਰਦੇ ਰਹਿੰਦੇ ਹਨ ਜਦੋਂਕਿ ਅਸਲ ਵਿਚ ਉਹ ਮੋਦੀ-ਸ਼ਾਹ ਨਾਲ ਮਿਲਕੇ ਕਿਸਾਨ ਅੰਦੋਲਨ ਨੂੰ ਦਬਾਉਣ ਦਾ ਯਤਨ ਕਰ ਰਹੇ ਹਨ।
ਮਾਨ ਨੇ ਕਿਹਾ ਕਿ ਕੈਪਟਨ ਵੱਲੋਂ ਮੌਂਟੇਕ ਕਮੇਟੀ ਦੀ ਖੇਤੀ ਖੇਤਰ ਦੀ ਮੁੱਢਲੀ ਰਿਪੋਰਟ ’ਤੇ ਡਰਾਮੇਬਾਜ਼ੀ ਕਰਨਾ, ਉਨ੍ਹਾਂ ਦੇ ਦੋਹਰੇ ਚਰਿੱਤਰ ਨੂੰ ਦਰਸਾਉਂਦਾ ਹੈ। ਪੰਜਾਬ ਦੇ ਕਿਸਾਨ ਪਿਛਲੇ 2 ਮਹੀਨਿਆਂ ਤੋਂ ਦਿੱਲੀ ਦੀ ਸਰਹੱਦ ’ਤੇ ਬੈਠੇ ਹਨ ਪਰ ਮੋਦੀ ਅਤੇ ਸ਼ਾਹ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਕੈਪਟਨ ਨੇ ਕਦੇ ਵੀ ਉਨ੍ਹਾਂ ਦਾ ਮੁੱਦਾ ਪ੍ਰਧਾਨ ਮੰਤਰੀ ਸਾਹਮਣੇ ਨਹੀਂ ਚੁੱਕਿਆ, ਜਦੋਂ ਕਿ ਉਨ੍ਹਾਂ ਨੇ ਮੋਦੀ-ਸ਼ਾਹ ਨਾਲ ਮਿਲਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਤੋਂ ਨਿੱਜੀਕਰਨ ਕਰਨ ਵਾਲੀਆਂ ਸਿਫਾਰਸ਼ਾਂ ਮੰਗੀਆਂ ਸਨ, ਕਿਉਂਕਿ ਉਹ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਅਤੇ ਹੋਰ ਖੇਤਰਾਂ ਦਾ ਨਿੱਜੀਕਰਨ ਕਰਨਾ ਚਾਹੁੰਦੇ ਸਨ।
ਕੈਪਟਨ ਕੇਵਲ ਚੱਲ ਰਹੇ ਕਿਸਾਨਾਂ ਅੰਦੋਲਨ ਨੂੰ ਆਪਣੇ ਪਾਸੇ ਕਰਨ ਦੇ ਮਕਸਦ ਨਾਲ ਅਜਿਹੀ ਘਟੀਆ ਰਾਜਨੀਤੀ ਕਰ ਰਹੇ ਹਨ, ਜਦੋਂਕਿ ਅਸਲ ਵਿਚ ਉਹ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਕੋਈ ਵੀ ਰਾਜਨੀਤਕ ਹਥਕੰਡਾ ਅਪਣਾ ਸਕਦੇ ਹਨ।
ਮਾਨ ਨੇ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਭਾਜਪਾ ਅਤੇ ਅਕਾਲੀ ਦਲ ਵਰਗੀ ਹੀ ਹੈ। ਜਿਵੇਂ ਭਾਜਪਾ ਅਤੇ ਅਕਾਲੀ ਦਲ ਨੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ, ਉਸੇ ਦੇ ਨਕਸ਼ੇ ਕਦਮ ’ਤੇ ਚਲਕੇ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਕਾਰਪੋਰੇਟਾਂ ਨੂੰ ਫਾਇਦੇ ਪਹੁੰਚਾਉਣ ਵਾਲੀ ਯੋਜਨਾ ਬਣਾ ਰਹੀ ਹੈ।