ਕੈਪਟਨ ਦਾ ਅਸਤੀਫਾ ਕਾਂਗਰਸ ਵੱਲੋਂ ਪੰਜਾਬ ਦੀ ਕਾਰਗੁਜ਼ਾਰੀ ''ਚ ਨਾਕਾਮ ਰਹਿਣ ਦਾ ਕਬੂਲਨਾਮਾ : ਸੁਖਬੀਰ

Saturday, Sep 18, 2021 - 08:01 PM (IST)

ਕੈਪਟਨ ਦਾ ਅਸਤੀਫਾ ਕਾਂਗਰਸ ਵੱਲੋਂ ਪੰਜਾਬ ਦੀ ਕਾਰਗੁਜ਼ਾਰੀ ''ਚ ਨਾਕਾਮ ਰਹਿਣ ਦਾ ਕਬੂਲਨਾਮਾ : ਸੁਖਬੀਰ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਕਾਂਗਰਸ ਪਾਰਟੀ ਅਤੇ ਇਸਦੀ ਹਾਈ ਕਮਾਂਡ ਦਾ ਕਬੂਲਨਾਮਾ ਹੈ ਕਿ ਪਾਰਟੀ ਪੰਜਾਬ ਵਿਚ ਕਾਰਗੁਜ਼ਾਰੀ ਵਿਖਾਉਣ ਵਿਚ ਨਾਕਾਮ ਰਹੀ ਹੈ ਅਤੇ ਸਾਢੇ ਚਾਰ ਸਾਲਾਂ ਦੇ ਰਾਜਕਾਲ ਦੀ ਕੋਈ ਵੀ ਪ੍ਰਾਪਤੀ ਇਸ ਕੋਲ ਵਿਖਾਉਣ ਲਈ ਨਹੀਂ ਹੈ। 

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਜੋ ਲੰਬੇ ਸਮੇਂ ਤੋਂ ਕਹਿ ਰਿਹਾ ਹੈ, ਉਹ ਇਸ ਸਮੇਂ ਸੱਚ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕਣ ਦਾ ਫਲ ਮਿਲਿਆ ਹੈ ਅਤੇ ਕਾਂਗਰਸ ਪਾਰਟੀ ਦੇ ਹਰ ਮੈਂਬਰ ਦਾ ਇਹੋ ਹਸ਼ਰ ਹੋਵੇਗਾ। 

ਇਹ ਵੀ ਪੜ੍ਹੋ- ਸੋਨੀਆ ਗਾਂਧੀ ਤੇ ਰਾਹੁਲ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਖਣ ਰਾਜਨੀਤੀ :  ਹਰਜੀਤ ਸਿੰਘ ਗਰੇਵਾਲ
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿਰਫ ਮੁੱਖ ਮੰਤਰੀ ਬਦਲਣ ਨਾਲ ਕਾਂਗਰਸ ਪਾਰਟੀ ਦਾ ਪੰਜਾਬ ਵਿਚ ਡੁੱਬ ਰਿਹਾ ਬੇੜਾ ਬਚਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਾਰੀ ਵਜ਼ਾਰਤ ਅਤੇ ਕਾਂਗਰਸ ਵਿਧਾਇਕ ਦਲ ਯਾਨੀ ਸੀ. ਐੱਲ. ਵੀ. ਵੀ ਭ੍ਰਿਸ਼ਟਾਚਾਰ ਵਿਚ ਲਿਬੜੀ ਹੈ ਅਤੇ ਰੇਤ, ਸ਼ਰਾਬ ਅਤੇ ਨਸ਼ੇ ਸਮੇਤ ਹੋਰ ਵੱਖ-ਵੱਖ ਕਿਸਮ ਦੇ ਮਾਫੀਆ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਨਾਲ ਕਾਂਗਰਸ ਪਾਰਟੀ ਦੀ ਕਿਸਮਤ ਨਹੀਂ ਬਦਲਣ ਵਾਲੀ। 

ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਲੋਕਾਂ ਦੇ ਰੋਹ ਤੋਂ ਬਚਣ ਲਈ ਸਾਰਾ ਦੋਸ਼ ਸਿਰਫ ਇਕ ਵਿਅਕਤੀ ਸਿਰ ਮੜ੍ਹ ਦੇਣ ਦੀ ਯੋਜਨਾ ਸਫਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਜਾਣਦੇ ਹਨ ਕਿ ਪੰਜਾਬ ਵਿਚ ਸਾਰੀ ਕਾਂਗਰਸ ਪਾਰਟੀ ਖੁੱਲ੍ਹੀ ਲੁੱਟ ਵਿਚ ਲੱਗੀ ਹੈ ਤੇ ਕਾਨੂੰਨਹੀਣਤਾ ਬਣੀ ਹੋਈ ਹੈ। ਇਸਦੇ ਮੰਤਰੀ ਤੇ ਵਿਧਾਇਕ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਇਸਦੇ ਮੰਤਰੀਆਂ ਨੇ ਸੂਬੇ ਦੇ ਸਰਕਾਰੀ ਖ਼ਜ਼ਾਨੇ ਵਿਚੋਂ ਹਜ਼ਾਰਾਂ ਕਰੋੜ ਰੁਪਏ ਲੁੱਟ ਲਏ ਹਨ ਤੇ ਸਰਕਾਰ ਸੂਬੇ ਵਿਚ ਵਿਕਾਸ ਕਾਰਜ ਜਾਂ ਬੁਨਿਆਦੀ ਢਾਂਚਾ ਪ੍ਰਾਜੈਕਟ ਸ਼ੁਰੂ ਕਰਨ ਵਿਚ ਨਾਕਾਮ ਰਹੀ ਹੈ। 

ਇਹ ਵੀ ਪੜ੍ਹੋ- ਪਾਕਿ PM ਇਮਰਾਨ ਖਾਨ ਤੇ ਫੌਜ ਮੁਖੀ ਬਾਜਵਾ ਦੇ ਦੋਸਤ ਹਨ ਸਿੱਧੂ : ਕੈਪਟਨ
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਗਾਂਧੀ ਪਰਿਵਾਰ ਦੇ ਮੈਂਬਰ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਸਾਢੇ ਚਾਰ ਸਾਲਾਂ ਤੱਕ ਪੰਜਾਬੀਆਂ ਨੁੰ ਪੀੜਤ ਕਰਨ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਸੋਨੀਆ ਤੇ ਰਾਹੁਲ ਗਾਂਧੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਵਿਚ ਸਭ ਤੋਂ ਵੱਡੀ ਤਾਕਤ ਸਨ। ਗਾਂਧੀ ਪਰਿਵਾਰ ਨਾ ਸਿਰਫ ਕੈਪਟਨ ਅਮਰਿੰਦਰ ਸਿੰਘ ਨੁੰ ਤਾਕਤ ਦੇ ਕੇ ਰੱਖੀ ਬਲਕਿ ਉਸਦੇ ਭ੍ਰਿਸ਼ਟ ਮੰਤਰੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ। ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਰਾਜ਼ੀ ਕਰਨ ਵਿਚ ਵੀ ਨਾਕਾਮ ਰਹੀ। 

ਸਰਦਾਰ ਬਾਦਲ ਨੇ ਕਿਹਾ ਕਿ ਲੋਕ ਕਾਂਗਰਸ ਦੀ ਯੋਜਨਾ ਸਮਝਦੇ ਹਨ। ਪਹਿਲੇ ਮੁੱਖ ਮੰਤਰੀ ਦੇ ਫੇਲ੍ਹ ਹੋਣ ਤੋਂ ਬਾਅਦ ਹੁਣ ਸੋਨੀਆ ਗਾਂਧੀ ਕੈਪਟਨ ਅਮਰਿੰਦਰ ਸਿੰਘ ਦਾ ਉੱਤਰਾਧਿਕਾਰੀ ਚੁਣਨਗੇ।  ਪਰ ਤਿੰਨ ਮਹੀਨਿਆਂ ਵਿਚ ਕਾਂਗਰਸ ਪਾਰਟੀ ਕੋਲ ਲੋਕਾਂ ਵਿਚ ਜਾਣ ਵਾਸਤੇ ਕੋਈ ਚਿਹਰਾ ਨਹੀਂ ਹੈ ਕਿਉਂਕਿ ਇਸਨੇ ਸਮਾਜ ਦੇ ਹਰ ਵਰਗ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ। ਕਾਂਗਰਸ ਪਾਰਟੀ ਨੇ ਪੰਜਾਬ ਵਿਚ ਆਪਣੀ ਆਖਰੀ ਖੇਡ ਖੇਡੀ ਹੈ। 


 


author

Bharat Thapa

Content Editor

Related News