ਬੇਅਦਬੀ ਮਾਮਲੇ ਖਤਮ ਕਰਨ ਲਈ ਕੈਪਟਨ ਤੇ ਬਾਦਲ ਮਿਲੇ : ਸਿੱਖ ਮੂਵਮੈਂਟ

Thursday, Jul 18, 2019 - 01:45 AM (IST)

ਬੇਅਦਬੀ ਮਾਮਲੇ ਖਤਮ ਕਰਨ ਲਈ ਕੈਪਟਨ ਤੇ ਬਾਦਲ ਮਿਲੇ : ਸਿੱਖ ਮੂਵਮੈਂਟ

ਚੰਡੀਗੜ੍ਹ (ਭੁੱਲਰ)–ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂ ਡਾ. ਭਗਵਾਨ ਸਿੰਘ ਅਤੇ ਕੈਪਟਨ ਚੰਨਣ ਸਿੰਘ ਸਿੱਧੂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਨਾਲ ਸੀ. ਬੀ. ਆਈ. ਬਰਗਾੜੀ ਬੇਅਦਬੀ ਕੇਸ ਨੂੰ ਪੱਕੇ ਤੌਰ 'ਤੇ ਖਤਮ ਕਰਨ ਜਾ ਰਹੀ ਹੈ। ਬਾਦਲ ਪਿਓ-ਪੁੱਤਰ ਨੇ ਆਪਣੇ ਰਾਜ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਗੁੱਸੇ 'ਚ ਆਏ ਸਿੱਖਾਂ ਤੋਂ ਡਰ ਕੇ ਅਤੇ ਪੂਰੇ ਮਾਮਲੇ ਨੂੰ ਰੋਲਣ ਦੀ ਨੀਅਤ ਨਾਲ ਤਿੰਨ ਕੇਸ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮਹਿੰਦਰਪਾਲ ਬਿੱਟੂ, ਜਿਸ ਨੇ ਆਪਣੀ ਮਰਜ਼ੀ ਨਾਲ ਜੇਲ ਸੁਪਰਡੈਂਟ ਨੂੰ ਚਿੱਠੀ ਲਿਖ ਕੇ ਮੈਜਿਸਟਰੇਟ ਕੋਲ ਇਕਬਾਲੀਆ ਬਿਆਨ ਦਰਜ ਕਰਵਾਇਆ ਸੀ, ਸੀ. ਬੀ. ਆਈ. ਉਸ ਦਾ ਰਿਮਾਂਡ ਲੈ ਕੇ ਵੀ ਕੁੱਝ ਨਹੀਂ ਕਰ ਸਕੀ ਅਤੇ ਬਿੱਟੂ ਦਾ ਸਕਿਓਰਿਟੀ ਜੇਲ 'ਚ ਕਤਲ ਕਰ ਦਿੱਤਾ ਗਿਆ।

ਇਸ ਮਾਮਲੇ ਦੇ ਸਾਰੇ ਸਬੂਤ ਬਾਦਲਾਂ ਵੱਲੋਂ ਬਣਾਈ ਸਿੱਟ ਦੇ ਮੁਖੀ ਰਣਬੀਰ ਸਿੰਘ ਖਟੜਾ ਵੱਲੋਂ ਮੀਡੀਆ ਨਾਲ ਸਾਂਝੇ ਕੀਤੇ ਜਾ ਚੁੱਕੇ ਹਨ ਪਰ ਸੀ. ਬੀ. ਆਈ. ਨੇ ਇਹ ਕਹਿ ਕੇ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਹੈ ਕਿ ਇਨ੍ਹਾਂ ਕੇਸਾਂ ਵਿਚ ਕੋਈ ਸਬੂਤ ਨਹੀਂ ਹੈ ਜੋ ਇਹ ਸਾਬਤ ਕਰਦਾ ਹੈ ਕਿ ਬੀ. ਜੇ. ਪੀ. ਸਰਕਾਰ ਦਾ ਹਰਿਆਣਾ ਚੋਣਾਂ ਲਈ ਡੇਰਾ ਸਿਰਸਾ ਨਾਲ ਸਮਝੌਤਾ ਹੋ ਚੁੱਕਾ ਹੈ। ਦੂਜੇ ਪਾਸੇ ਪੰਜਾਬ ਦੇ ਪਾਣੀਆਂ ਦਾ ਅਖੌਤੀ ਰਾਖਾ ਕੈਪਟਨ ਅਮਰਿੰਦਰ ਸਿੰਘ, ਜੋ ਹੁਣ ਪਾਣੀਆਂ ਦੇ ਮੁੱਦੇ 'ਤੇ ਨੈਸ਼ਨਲ ਕਮਿਸ਼ਨ ਬਣਾਉਣ ਲਈ ਮੋਦੀ ਦਰਬਾਰ ਵਿਚ ਨਤਮਸਤਕ ਹੋ ਰਿਹਾ ਹੈ, ਉਸ ਨੇ ਬੀ. ਜੇ. ਪੀ. ਦਾ ਮੁਤਬੰਨਾ ਬਣ ਕੇ ਬਿੱਟੂ ਦੇ ਕਤਲ ਤੋਂ ਬਾਦ ਡੇਰਾ ਪ੍ਰੇਮੀਆਂ ਨਾਲ ਹੋਏ ਸਮਝੌਤੇ ਨੂੰ ਲਾਗੂ ਕਰਦਿਆਂ ਉਸ ਦੇ ਸਾਰੇ ਸਾਥੀਆਂ ਦੀ ਜ਼ਮਾਨਤ ਕਰਵਾ ਦਿੱਤੀ। ਮੂਵਮੈਂਟ ਆਗੂਆਂ ਨੇ ਕਿਹਾ ਕਿ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਵਾਲੀ ਸਿੱਟ ਪਤਾ ਨਹੀਂ ਕਿਥੇ ਸੁੱਤੀ ਪਈ ਹੈ। ਬਰਗਾੜੀ ਮੋਰਚਾ ਖਤਮ ਕਰਨ ਵਾਲੇ ਸਿੱਖ ਆਗੂ ਵੀ ਇਸ ਸਮੇਂ ਸਵਾਲਾਂ ਦੇ ਘੇਰੇ 'ਚ ਹਨ।


author

Karan Kumar

Content Editor

Related News