ਸ਼ਤਾਬਦੀ ਸਮਾਰੋਹ ਨੂੰ ਰਾਜ ਪੱਧਰ ’ਤੇ ਮਨਾਉਣ ਦੇ ਫੈਸਲੇ ਤੋਂ ਕੈਪਟਨ ਸਰਕਾਰ ਮੁੱਕਰੀ: ਜਗੀਰ ਕੌਰ
Monday, Feb 15, 2021 - 07:37 PM (IST)
ਬਾਬਾ ਬਕਾਲਾ ਸਾਹਿਬ, (ਰਾਕੇਸ਼)- ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨਾਏ ਜਾਣ ਵਾਲੇ 400 ਸਾਲਾਂ ਸ਼ਤਾਬਦੀ ਸਮਾਗਮ ਜੋ ਇਸ ਵਾਰ ਪੰਜਾਬ ਸਰਕਾਰ ਨੇ ਰਾਜ ਪੱਧਰ ’ਤੇ ਮਨਾਉਣ ਦਾ ਐਲਾਨ ਕੀਤਾ ਸੀ, ਪਰ ਹੁਣ ਐਨ ਵਕਤ ’ਤੇ ਕੈਪਟਨ ਸਰਕਾਰ ਇਸ ਸ਼ਤਾਬਦੀ ਨੂੰ ਸਟੇਟ ਲੈਵਲ ’ਤੇ ਮਨਾਉਣ ਵਿਚ ਆਨਾ ਕਾਨੀ ਕਰਦੀ ਪਾਸਾ ਵੱਟਦੀ ਨਜ਼ਰ ਆ ਰਹੀ ਹੈ। ਇਹ ਦੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇਸ ਸ਼ਤਾਬਦੀ ਨਾਲ ਸਬੰਧਤ ਰੂਪ ਰੇਖਾ ਤਿਆਰ ਕਰਨ ਲਈ ਆਪਣੀ ਬਾਬਾ ਬਕਾਲਾ ਸਾਹਿਬ ਫੇਰੀ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਲਾਏ ਗਏ। ਜਗੀਰ ਕੌਰ ਨੇ ਕਿਹਾ ਕਿ ਕੈਪਟਨ ਖੁਦ ਇਕ ਗੁਰਸਿੱਖ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਸੀ, ਕਿ ਉਨ੍ਹਾਂ ਦੇ ਰਾਜਕਾਲ ਦੌਰਾਨ ਮਨਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਨੂੰ ਉਹ ਵੱਧ ਚੜ ਕੇ ਮਨਾਉਣ ਲਈ ਆਪਣਾ ਯੋਗਦਾਨ ਪਾਉਣ, ਪਰ ਕੈਪਟਨ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਲਗਦੀ ਹੈ। ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਜਿਥੇ ਕਿ ਵਿਕਾਸ ਬਹੁਤ ਜਰੂਰੀ ਸਮਝਿਆ ਜਾਂਦਾ ਸੀ, ਪਰ ਸਰਕਾਰ ਨੇ ਇਸ ਨਗਰ ਦੀ ਰੂਪਰੇਖਾ ਬਦਲਣ ਵਿਚ ਕੋਈ ਦਿਲਚਸਪੀ ਨਹੀ ਦਿਖਾਈ, ਪ੍ਰੰਤੂ ਹੁਣ ਸ਼੍ਰੋਮਣੀ ਕਮੇਟੀ ਇਹ ਸ਼ਤਾਬਦੀ ਸਮਾਗਮ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਏ ਜਾਣਗੇ ਅਤੇ ਮੁੱਖ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਹੋਵੇਗਾ, ਜਿਥੇ ਵੱਖ-ਵੱਖ ਧਾਰਮਿਕ ਸੰਪਰਦਾਵਾਂ ਦੇ ਮੁਖੀਆਂ, ਕਾਰ ਸੇਵਾ ਤੇ ਹੋਰ ਜਥੇਬੰਦੀਆਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਮਾਗਮ ਦੇ ਅਖੀਰਲੇ ਦਿਨ 1 ਮਈ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨੌਵੇਂ ਪਾਤਸ਼ਾਹ ਜੀ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਹੋਰ ਗੁਰੂ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਿਆਂ ਵਿਚ ਵੀ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਨਾਲ ਮੌਜੂਦ ਸਾਬਕਾ ਵਿਧਾਇਕ ਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਨੇ ਕਿਹਾ ਕਿ ਇਸ ਸਬੰਧ ਵਿਚ ਮਹਾਨ ਨਗਰ ਕੀਰਤਨ ਵੀ ਸਜਾਇਆ ਜਾਵੇਗਾ। ਸੰਗਤਾਂ ਦੇ ਠਹਿਰਾਉ, ਲੰਗਰ, ਪਾਰਕਿੰਗ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਗੱਲਬਾਤ ਦੌਰਾਨ ਉਨ੍ਹਾਂ ਦੇ ਨਾਲ ਮੈਨੇਜਰ ਸਤਿੰਦਰ ਸਿੰਘ ਬਾਜਵਾ, ਮੀਤ ਮੈਨੇਜਰ ਮੋਹਨ ਸਿੰਘ ਕੰਗ, ਕੁਲਵੰਤ ਸਿੰਘ ਰੰਧਾਵਾ, ਅਮਰਜੀਤ ਸਿੰਘ ਭਲਾਈਪੁਰ, ਡਾ.ਜਸਵੰਤ ਸਿੰਘ, ਡਾ.ਭਗਵੰਤ ਸਿੰਘ, ਗੁਰਮੀਤ ਸਿੰਘ ਪਨੇਸਰ, ਕਸ਼ਮੀਰ ਸਿੰਘ ਗਗੜੇਵਾਲ, ਪੂਰਨ ਸਿੰਘ ਖਿਲਚੀਆਂ ਆਦਿ ਹਾਜ਼ਰ ਸਨ।