ਕੈਪਟਨ ਸਰਕਾਰ ਤਾਂ ਹੁਣ ਪ੍ਰਮਾਤਮਾ ਤੋਂ ਵੀ ਨਹੀਂ ਡਰਦੀ : ਬੀਬਾ ਬਾਦਲ

Sunday, Oct 13, 2019 - 11:43 PM (IST)

ਕੈਪਟਨ ਸਰਕਾਰ ਤਾਂ ਹੁਣ ਪ੍ਰਮਾਤਮਾ ਤੋਂ ਵੀ ਨਹੀਂ ਡਰਦੀ : ਬੀਬਾ ਬਾਦਲ

ਮੁੱਲਾਂਪੁਰ ਦਾਖਾ, (ਕਾਲੀਆ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤਾਂ ਹੁਣ ਪ੍ਰਮਾਤਮਾ ਤੋਂ ਵੀ ਨਹੀਂ ਡਰਦੀ। ਇਹ ਤਾਂ ਆਪਣਾ ਇਤਿਹਾਸ ਦੁਹਰਾਉਣ ਲਈ ਆਪਣੇ ਵਰਕਰਾਂ ਦੀ ਕੁੱਟ-ਮਾਰ ਕਰ ਕੇ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕਰਨ ’ਤੇ ਤੁਲ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਲਾਂਪੁਰ ਵਾਲਮੀਕਿ ਮੰਦਰ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਥੇ ਕਾਂਗਰਸੀ ਮੰਤਰੀ ਆਪਣੇ ਟਕਸਾਲੀ ਅੰਮ੍ਰਿਤਧਾਰੀ ਵਰਕਰਾਂ ਦੀਆਂ ਪੱਗਾਂ ਨੂੰ ਰੋਲਣ ਲੱਗ ਪਏ ਹਨ ਉਥੇ ਹੀ ਆਮ ਆਦਮੀ ਦਾ ਕੀ ਹਸ਼ਰ ਹੋਵੇਗਾ, ਇਸ ਦਾ ਅੰਦਾਜ਼ਾ ਖੁਦ ਹੀ ਲਾ ਲਵੋ। ਉਨ੍ਹਾਂ ਕੈਪਟਨ ਸੰਦੀਪ ਸੰਧੂ ਦੇ ਦਫਤਰ ਦੇ ਬਾਹਰ ਕੈਬਨਿਟ ਮੰਤਰੀ ਆਸ਼ੂ ਦੇ ਅਾਗੂਆਂ ਵੱਲੋਂ ਅੰਮ੍ਰਿਤਧਾਰੀ ਟਕਸਾਲੀ ਕਾਂਗਰਸੀ ਵਰਕਰ ਦੀ ਕੀਤੀ ਗਈ ਕੁੱਟ-ਮਾਰ ਅਤੇ ਕੇਸਾਂ ਅਤੇ ਕਕਾਰਾਂ ਦੀ ਕੀਤੀ ਗੲੀ ਬੇਅਦਬੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਸ੍ਰੀ ਹਰਮੰਦਿਰ ਸਾਹਿਬ ਉਪਰ ਕਾਂਗਰਸ ਵੱਲੋਂ ਕਰਵਾਏ ਗਏ ਹਮਲੇ ਅਤੇ 1984 ਵਿਖੇ ਦਿੱਲੀ ’ਚ ਕੀਤੇ ਨਿਹੱਥੇ ਸਿੱਖਾਂ ਉਪਰ ਦੰਗਿਆਂ ਨੂੰ ਮੁਡ਼ ਤਾਜ਼ਾ ਕਰ ਦਿੱਤਾ ਹੈ। ਬੀਬਾ ਬਾਦਲ ਨੇ ਕਿਹਾ ਕਿ ਹੁਣ ਕੈਪਟਨ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ, ਜਿਸ ਕਰ ਕੇ ਇਹ ਹੁਣ ਆਪਣੇ ਟਕਸਾਲੀ ਵਰਕਰਾਂ ਉਪਰ ਤਸੀਹੇ ਢਾਹੁਣ ਅਤੇ ਝੂਠੇ ਮੁਕੱਦਮੇ ਦਰਜ ਕਰਨ ਲੱਗ ਪਈ ਹੈ। ਉਹ ਦਿਨ ਦੂਰ ਨਹੀਂ ਜਦੋਂ ਮੁਡ਼ ਬਾਦਲ ਸਰਕਾਰ ਸੱਤਾ ’ਚ ਆ ਕੇ ਸਿੱਖਾਂ ਦੇ ਬਣਦੇ ਮਾਣ-ਸਨਮਾਨ ਨੂੰ ਬਹਾਲ ਕਰੇਗੀ।


author

Bharat Thapa

Content Editor

Related News