ਕੈਪਟਨ ਨੇ ਕਾਰਗਿਲ ਜੰਗ ਦੇ ਨਾਇਕ ਕਾਂਸਟੇਬਲ ਸਤਪਾਲ ਸਿੰਘ ਨੂੰ ਦਿੱਤੀ ਤਰੱਕੀ

07/26/2019 5:31:24 PM

ਚੰਡੀਗੜ੍ਹ/ਭਵਾਨੀਗੜ੍ਹ (ਵਿਕਾਸ, ਸੰਜੀਵ) : ਸਾਲ 1999 ਦੇ ਕਾਰਗਿਲ ਯੁੱਧ 'ਚ ਦੁਸ਼ਮਣਾਂ ਨੂੰ ਖਦੇੜ ਕੇ ਰੱਖ ਦੇਣ ਵਾਲੇ ਵੀਰ ਚੱਕਰ ਨਾਲ ਸਨਮਾਨਤ ਸਾਬਕਾ ਫੌਜੀ ਜਵਾਨ ਅਤੇ ਮੌਜੂਦਾ ਸਮੇਂ 'ਚ ਸੰਗਰੂਰ ਜ਼ਿਲੇ ਵਿਚ ਸਬ-ਡਵੀਜ਼ਨ ਭਵਾਨੀਗੜ੍ਹ ਵਿਖੇ ਪੰਜਾਬ ਪੁਲਸ ਦੇ ਟ੍ਰੈਫਿਕ ਵਿੰਗ 'ਚ ਤਾਇਨਾਤ ਹੈੱਡ ਕਾਂਸਟੇਬਲ ਸਤਪਾਲ ਸਿੰਘ ਨੂੰ ਸ਼ੁੱਕਰਵਾਰ ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰ੍ਹੇਗੰਢ ਮੌਕੇ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਏ. ਐੱਸ. ਆਈ. ਬਣਾ ਦਿੱਤਾ ਹੈ।

PunjabKesari

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 20ਵੀਂ ਵਰ੍ਹੇਗੰਢ ਮੌਕੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਤਪਾਲ ਸਿੰਘ ਨੂੰ ਸੀਨੀਅਰ ਕਾਂਸਟੇਬਲ ਤੋਂ ਏ. ਐੱਸ. ਆਈ. ਪ੍ਰਮੋਟ ਕਰਨ ਬਾਰੇ ਜਾਣਕਾਰੀ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਪੋਸਟ ਕਰ ਕੇ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਸਤਪਾਲ ਸਿੰਘ ਲਈ ਲਿਖਦਿਆਂ ਕਿਹਾ-''ਉਹ ਬਹੁਤ ਵਧੀਆ ਸਨਮਾਨ ਦੇ ਹੱਕਦਾਰ ਹਨ ਜੋ ਪੰਜਾਬ ਦੀ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਉਨ੍ਹਾਂ ਨੂੰ ਸਾਲ 2010 ਦੀ ਭਰਤੀ ਸਮੇਂ ਨਹੀਂ ਦੇ ਸਕੀ। ਇਹ ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਕਿ ਅਸੀਂ ਆਪਣੇ ਬਹਾਦਰ ਫੌਜੀ ਵੀਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ, ਸਨਮਾਨ ਦੇਈਏ।''

ਦੱਸ ਦੇਈਏ ਕਿ ਪਟਿਆਲਾ ਜ਼ਿਲੇ ਦੇ ਰਹਿਣ ਵਾਲੇ ਸਤਪਾਲ ਸਿੰਘ ਨੇ ਫ਼ੌਜ ਵਿਚ ਕਾਰਗਿਲ ਯੁੱਧ ਦੌਰਾਨ ਪਾਕਿਸਤਾਨੀ ਫੌਜ ਨਾਲ ਲੋਹਾ ਲੈਂਦੇ ਹੋਏ ਨਾਰਦਨ ਲਾਈਟਇਨਫੈਂਟਰੀ ਦੇ ਕੈਪਟਨ ਸ਼ੇਰ ਖਾਨ ਸਮੇਤ 3 ਹੋਰ ਦੁਸ਼ਮਣਾਂ ਨੂੰ ਮਾਰ ਸੁੱਟਿਆ ਸੀ। ਜ਼ਿਕਰਯੋਗ ਹੈ ਕਿ ਕਰਨਲ ਸ਼ੇਰ ਖਾਨ ਉਹ ਹੀ ਸੀ, ਜਿਸ ਨੂੰ ਪਾਕਿਸਤਾਨ ਨੇ ਆਪਣੇ ਸਭ ਤੋਂ ਵੱਡੇ ਸਨਮਾਨ ਨਿਸਾਤ-ਏ-ਹੈਦਰ ਨਾਲ ਸਨਮਾਨਤ ਕੀਤਾ ਸੀ। ਇਸ ਬਦਲੇ ਫੌਜ ਵੱਲੋਂ ਸਤਪਾਲ ਸਿੰਘ ਨੂੰ ਟਾਈਗਰ ਹਿੱਲ ਵੀਰ ਚੱਕਰ ਦੇ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਸਤਪਾਲ ਸਿੰਘ 18 ਸਾਲ ਫੌਜ 'ਚ ਨੌਕਰੀ ਕਰਨ ਉਪਰੰਤ ਰਿਟਾਇਰ ਹੋ ਕੇ 2009 'ਚ ਫੌਜੀ ਕੋਟੇ 'ਚੋਂ ਪੰਜਾਬ ਪੁਲਸ ਵਿਚ ਹੈੱਡ ਕਾਂਸਟੇਬਲ ਭਰਤੀ ਹੋਏ ਸਨ।


cherry

Content Editor

Related News