ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ’ਤੇ PM ਮੋਦੀ ਨੇ ਟਵੀਟ ਕਰ ਦਿੱਤੀ ਵਧਾਈ
Thursday, Mar 11, 2021 - 02:33 PM (IST)
ਚੰਡੀਗੜ੍ਹ (ਬਿਊਰੋ) - ਪਟਿਆਲਾ ਰਿਆਸਤ ਦੇ ਸ਼ਾਹੀ ਪਰਿਵਾਰ ’ਚ ਪੈਦਾ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਜਨਮ ਦਿਨ ਹੈ। ਕੈਪਟਨ ਅੱਜ 79 ਸਾਲ ਦੇ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਹਾੜੇ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਦੇ ਜਨਮਦਿਨ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ। ਮੋਦੀ ਨੇ ਟਵੀਟ ਕਰਕੇ ਤੰਦਰੁਸਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕੈਪਟਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ’ਚ ਲਿਖਿਆ ਕਿ ‘ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ, ਮੈਂ ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ।’
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ 11 ਮਾਰਚ 1942 ਨੂੰ ਪਟਿਆਲਾ ਰਿਆਸਤ ਦੇ ਸ਼ਾਹੀ ਪਰਿਵਾਰ ਵਿੱਚ ਹੋਇਆ। ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਵਿੱਚ ਗਿਣਿਆ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿੱਚ ਲੈ ਆਏ। 1980 ਵਿੱਚ ਉਹ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਏ। ਆਪ੍ਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਉਨ੍ਹਾਂ ਨੇ ਐੱਮ.ਪੀ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕਾਂਗਰਸ ਛੱਡ ਦਿੱਤੀ ਸੀ।
ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿਚ ਦੂਜਾ ਕਾਰਜਕਾਲ ਹੈ। ਇਸ ਤੋਂ ਪਹਿਲਾਂ ਉਹ 2002 ਤੋਂ 2007 ਤੱਕ ਰਾਜ ਦੇ ਮੁੱਖ ਮੰਤਰੀ ਰਹ ਚੁੱਕੇ ਹਨ। ਇਸ ਤੋਂ ਬਾਅਦ 2017 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਸੰਪੂਰਨ ਬਹੁਮਤ ਨਾਲ ਸਰਕਾਰ ਬਣਾਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਇਸ ਸਮੇਂ ਪਟਿਆਲਾ ਤੋਂ ਸੰਸਦ ਮੈਂਬਰ ਹਨ।