ਨਸ਼ਾ ਸਮੱਗਲਰਾਂ ਦੀ ਸਪਲਾਈ ਲਾਈਨ ਤੋੜੀ, ਹੁਣ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ : ਅਮਰਿੰਦਰ ਸਿੰਘ

06/12/2018 6:52:36 AM

ਜਲੰਧਰ(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 'ਤੰਦਰੁਸਤ ਪੰਜਾਬ' ਬਣਾਉਣ ਲਈ ਜ਼ਰੂਰੀ ਹੋ ਗਿਆ ਹੈ ਕਿ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਨਾਲ ਹੀ ਇਸ ਕੰਮ ਵਿਚ ਸਵੈਮ ਸੇਵੀ ਸੰਗਠਨਾਂ ਦਾ ਸਹਿਯੋਗ ਲਿਆ ਜਾਵੇਗਾ। ਮੁੱਖ ਮੰਤਰੀ ਨੇ ਸੂਬੇ ਭਰ ਵਿਚ ਤੰਦਰੁਸਤ ਪੰਜਾਬ ਨੂੰ ਲੈ ਕੇ ਮੁਹਿੰਮ ਛੇੜੀ ਹੋਈ ਹੈ ਅਤੇ ਇਸ ਸੰਬੰਧ ਵਿਚ ਉਹ ਜਨਤਾ ਤੋਂ ਉਨ੍ਹਾਂ ਦੇ ਵਿਚਾਰ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਦੀ ਸਪਲਾਈ ਲਾਈਨ ਤੋੜ ਦਿੱਤੀ ਗਈ ਹੈ। ਹੁਣ ਨਸ਼ਾ ਸਮੱਗਲਰ ਸੂਬੇ ਨੂੰ ਛੱਡ ਕੇ ਰੂਪੋਸ਼ ਹੋ ਗਏ ਹਨ ਕਿਉਂਕਿ ਪੁਲਸ ਨਸ਼ਾ ਸਮੱਗਲਰਾਂ ਨਾਲ ਕੋਈ ਸਮਝੌਤਾ ਕਰਨ ਵਾਲੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਬਣਦਿਆਂ ਹੀ ਨਸ਼ਿਆਂ ਨੂੰ ਖਤਮ ਕਰਨ ਲਈ  ਮੁਹਿੰਮ ਛੇੜ ਦਿੱਤੀ ਗਈ ਸੀ ਅਤੇ ਸੂਬੇ ਦੇ ਸਾਰੇ ਆਲ੍ਹਾ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਉਹ ਨਸ਼ਿਆਂ ਦੇ ਖਿਲਾਫ ਜ਼ੋਰਦਾਰ ਮੁਹਿੰਮ ਚਲਾਉਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਦੀ ਨਸ਼ਾ ਸਮੱਗਲਰਾਂ ਨਾਲ ਗੰਢ-ਤੁਪ ਸਾਹਮਣੇ ਆਉਂਦੀ ਹੈ ਤਾਂ ਸਰਕਾਰ ਉਸ ਨੂੰ ਬਰਦਾਸ਼ਤ ਨਹੀਂ ਕਰੇਗੀ। ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਡੀ. ਏ. ਪੀ. ਓ. ਵਲੋਂ ਸੂਬੇ ਵਿਚ ਨਸ਼ਿਆਂ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਹੁਣ ਨਸ਼ਾ ਕਰਨ ਵਾਲੇ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਵੱਡੀ ਗਿਣਤੀ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰੰਬੰਧ ਵਿਚ ਸਰਕਾਰ ਪੂਰੀ ਤਰ੍ਹਾਂ ਨਜ਼ਰ ਰੱਖ ਕੇ ਚੱਲ ਰਹੀ ਹੈ। ਸਿਹਤ ਵਿਭਾਗ ਵੀ ਇਸ ਵਿਚ ਸਹਿਯੋਗ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਨਸ਼ਿਆਂ ਦੀ ਸਮੱਸਿਆ ਨੂੰ ਸਮਝਣ ਦੀ ਲੋੜ ਸੀ। ਉਸ ਤੋਂ ਬਾਅਦ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਿਆ ਜਾਣਾ ਸੀ ਜੋ ਕੰਮ ਸਫਲਤਾ ਨਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਨਸ਼ਾ ਛੁਡਾਉਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। 2016 ਵਿਚ ਸਿਰਫ 1.82 ਲੱਖ ਲੋਕ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਆਏ ਸਨ ਜਦੋਂ ਕਿ 2017 ਵਿਚ 4.12 ਲੱਖ ਲੋਕ ਨਸ਼ਾ ਛੱਡਣ ਲਈ ਇਨ੍ਹਾਂ ਕੇਂਦਰਾਂ ਵਿਚ ਪਹੁੰਚੇ। ਇਸ ਤਰ੍ਹਾਂ ਨਸ਼ਾ ਛੱਡਣ ਦੇ ਰੁਝਾਨ ਵਿਚ 126 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ 2018 ਵਿਚ ਇਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਨਸ਼ੇ ਵਿਚੋਂ ਕੱਢਿਆ ਜਾ ਸਕੇ।


Related News