''ਮੈਂ ਕੈਪਟਨ ਦਾ ਸਿਪਾਹੀ, ਲੋਕਾਂ ਦੀ ਗੱਲ ਉਨ੍ਹਾਂ ਤੱਕ ਪਹੁੰਚਾਉਣਾ ਮੇਰਾ ਫਰਜ਼'' : ਸਿੱਧੂ

Friday, Oct 06, 2017 - 04:25 AM (IST)

''ਮੈਂ ਕੈਪਟਨ ਦਾ ਸਿਪਾਹੀ, ਲੋਕਾਂ ਦੀ ਗੱਲ ਉਨ੍ਹਾਂ ਤੱਕ ਪਹੁੰਚਾਉਣਾ ਮੇਰਾ ਫਰਜ਼'' : ਸਿੱਧੂ

ਚੰਡੀਗੜ੍ਹ(ਰਮਨਜੀਤ)- ਨਸ਼ਾ ਸਮੱਗਲਰਾਂ ਤੇ ਮਾਫੀਆ ਖਿਲਾਫ ਦਿੱਤੇ ਗਏ ਬਿਆਨ 'ਤੇ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਦੇ ਸਿਪਾਹੀ ਹਨ ਤੇ ਜਨਤਾ ਵਿਚ ਚੱਲ ਰਹੀਆਂ ਗੱਲਾਂ ਨੂੰ ਉਨ੍ਹਾਂ ਤੱਕ ਪਹੁੰਚਾਉਣਾ ਉਨ੍ਹਾਂ ਦਾ ਫਰਜ਼ ਹੈ ਪਰ ਉਨ੍ਹਾਂ 'ਤੇ ਅੱਗੇ ਕਿਸ ਤਰੀਕੇ ਨਾਲ ਕਾਰਵਾਈ ਕਰਨੀ ਹੈ, ਇਹ ਫੈਸਲਾ ਮੁੱਖ ਮੰਤਰੀ ਨੇ ਹੀ ਲੈਣਾ ਹੈ। ਅਸੀਂ ਉਨ੍ਹਾਂ ਦਾ ਪਾਲਣ ਕਰਾਂਗੇ। ਸਿੱਧੂ ਨੇ ਕਿਹਾ ਕਿ ਇਹ ਗੱਲਾਂ ਬਿਲਕੁਲ ਬੇਬੁਨਿਆਦ ਹਨ ਕਿ ਉਹ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਨ ਦੀ ਲਾਲਸਾ ਰੱਖਦੇ ਹਨ। ਸਿੱਧੂ ਨੇ ਕਿਹਾ ਕਿ ਜੇਕਰ ਅਹੁਦਿਆਂ ਦੀ ਲਾਲਸਾ ਹੁੰਦੀ ਤਾਂ ਉਹ 'ਪੰਜਾਬ ਪ੍ਰੇਮ' ਛੱਡਦੇ ਤੇ ਮੋਦੀ ਸਰਕਾਰ ਵਿਚ ਮੰਤਰੀ ਹੁੰਦੇ। ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਦੀ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਰੂ-ਬਰੂ ਸਨ। 
ਸਿੱਧੂ ਨੇ ਅਕਾਲੀ ਦਲ ਦੀ ਸਰਕਾਰ ਵਿਚ ਮੰਤਰੀ ਰਹੇ ਸੁੱਚਾ ਸਿੰਘ ਲੰਗਾਹ ਮਾਮਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕੋਈ ਸਮਾਂ ਸੀ ਜਦ ਅਕਾਲੀ ਦਲ ਨੀਲੀਆਂ ਪੱਗਾਂ ਬੰਨ੍ਹਣ ਵਾਲਿਆਂ ਦੀ ਪਾਰਟੀ ਸੀ ਤੇ ਹੁਣ 'ਨੀਲੀਆਂ' ਫ਼ਿਲਮਾਂ ਬਣ ਰਹੀਆਂ ਹਨ। ਗੁਰਦਾਸਪੁਰ ਲੋਕ ਸਭਾ ਉਪ ਚੋਣ 'ਤੇ ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਅਕਾਲੀ-ਭਾਜਪਾ ਦਾ ਅਜਿਹਾ ਉਮੀਦਵਾਰ ਹੈ, ਜਿਸ ਤੋਂ ਕਾਲਜ ਨਹੀਂ ਸੰਭਾਲਿਆ ਗਿਆ ਤੇ ਉਪਰੋਂ ਉਸ ਖਿਲਾਫ ਇਕ ਜਬਰ-ਜ਼ਨਾਹ ਦਾ ਮਾਮਲਾ ਦਰਜ ਹੋਇਆ ਸੀ, ਜਦਕਿ ਦੂਸਰੇ ਪਾਸੇ ਬੇਦਾਗ, ਤਜਰਬੇ ਵਾਲੇ ਤੇ ਮੁੱÎਦਿਆਂ 'ਤੇ ਬੋਲਣ ਵਾਲੇ ਸੁਨੀਲ ਜਾਖੜ ਹਨ। 
ਮਿਉਂਸੀਪਲ ਚੋਣਾਂ ਬਾਰੇ ਪੁੱਛਣ 'ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਤੇ ਨਗਰ ਨਿਗਮਾਂ ਦੀਆਂ ਚੋਣਾਂ ਇਕੱਠੀਆਂ ਹੋਣੀ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਦਸੰਬਰ ਵਿਚ ਮਿਉਂਸੀਪਲ ਚੋਣਾਂ ਕਰਵਾ ਲਈਆਂ ਜਾਣਗੀਆਂ। ਕਾਂਗਰਸ ਸਰਕਾਰ ਪੰਜ ਮੁੱÎਦਿਆਂ 'ਤੇ ਨਿਗਮਾਂ ਦੀਆਂ ਚੋਣਾਂ ਲੜੇਗੀ। ਇਨ੍ਹਾਂ ਵਿਚ ਆਨਲਾਈਨ ਨਕਸ਼ੇ ਪਾਸ ਕਰਨ ਦਾ ਕੰਮ, ਸਵੱਛ ਪੇ ਜਲ ਲਈ ਨਹਿਰੀ ਪਾਣੀ, ਸਾਲਿਡ ਵੇਸਟ ਮੈਨੇਜਮੈਂਟ, ਨਵੀਂ ਵਿਗਿਆਪਨ ਨੀਤੀ ਤੇ ਸੀਵਰੇਜ ਦੀ ਸੁਵਿਧਾ ਦੇ ਨਾਲ-ਨਾਲ ਵਿਕਾਸ ਦੇ ਮਾਡਲ ਨੂੰ ਲੈ ਕੇ ਵਿਜ਼ਨ ਪੇਸ਼ ਕੀਤਾ ਜਾਵੇਗਾ। 
ਸਿੱਧੂ ਨੇ ਕਿਹਾ ਕਿ ਸੂਬੇ ਦੇ 60 ਤੋਂ ਜ਼ਿਆਦਾ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਨੂੰ ਚਲਾਉਣ ਲਈ ਪਿਛਲੀ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ, ਜਦਕਿ ਅਸੀਂ ਛੇ ਮਹੀਨੇ ਵਿਚ 13 ਸੀਵਰੇਜ ਟ੍ਰੀਟਮੈਂਟ ਪਲਾਂਟਾਂ ਨੂੰ ਚਾਲੂ ਕਰ ਦਿੱਤਾ ਹੈ। ਆਉਣ ਵਾਲੇ 15 ਦਿਨਾਂ ਵਿਚ 15 ਦੇ ਕਰੀਬ ਟ੍ਰੀਟਮੈਂਟ ਪਲਾਂਟਾਂ ਨੂੰ ਚਾਲੂ ਕਰ ਦਿੱਤਾ ਜਾਵੇਗਾ। ਪੱਤਰਕਾਰਾਂ ਦੀ ਸੁਰੱਖਿਆ 'ਤੇ ਪੁੱਛੇ ਗਏ ਸਵਾਲ 'ਤੇ ਸਿੱਧੂ ਨੇ ਕਿਹਾ ਕਿ ਉਹ ਇਸ ਲਈ ਸਖ਼ਤ ਕਾਨੂੰਨ ਬਣਾਉਣ ਦੇ ਪੱਖ ਵਿਚ ਹਨ। ਇਸ ਲਈ ਆਪਣੀ ਸਰਕਾਰ ਵਿਚ ਪ੍ਰਸਤਾਵ ਵੀ ਲਿਆਉਣਗੇ। 


Related News