ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਦੇ ਸਰਕਾਰੀ ਸਕੂਲ ''ਤੇ ਮਿਹਰਬਾਨ ਸਿੱਖਿਆ ਵਿਭਾਗ

Sunday, Oct 29, 2017 - 02:52 PM (IST)

ਚੰਡੀਗੜ੍ਹ — ਹਾਲ ਹੀ 'ਚ ਸਰਕਾਰ ਵਲੋਂ ਪੰਜਾਬ ਦੇ 800 ਪ੍ਰਾਇਮਰੀ ਸਕੂਲਾਂ ਨੂੰ ਮਰਜ਼ ਕੀਤੇ ਜਾਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਡਾਇਰੈਕਟਰ ਸਿੱਖਿਆ ਵਿਭਾਗ ਨੇ ਸਮੂਹ ਜ਼ਿਲਾ ਸਿੱਖਿਆ ਅਫਸਰਾਂ ਨੂੰ ਪੱਤਰ ਭੇਜ ਕੇ 20 ਤੋਂ ਘੱਟ ਵਿਦਿਆਰਥੀਆਂ ਵਾਲੇ 800 ਸਕੂਲਾਂ ਨੂੰ ਨੇੜਲੇ ਸਕੂਲਾਂ 'ਚ ਮਿਲਾਉਣ ਦਾ ਹੁਕਮ ਦਿੱਤਾ ਹੈ। ਉਥੇ ਹੀ ਸਿੱਖਿਆ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਦੇ ਸਰਕਾਰੀ ਸਕੂਲ 'ਤੇ ਮਹਿਰਬਾਨ ਨਜ਼ਰ ਆ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਵੇਂ ਬਠਿੰਡਾ ਦੇ ਪਿੰਡ ਮਹਿਰਾਜ ਦੇ ਸਕੂਲ ਨੂੰ ਬਾਕੀ ਸਕੂਲਾਂ ਵਾਂਗ ਮਰਜ਼ ਕਰਨ ਦੀ ਗੱਲ ਕਹੀ ਗਈ ਪਰ ਇਸ ਦਾ ਨਾਂ ਹਾਲੇ ਤਕ ਬੰਦ ਕੀਤੇ ਜਾਣ ਵਾਲੇ ਸਕੂਲਾਂ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਗਿਆ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੇ ਪ੍ਰਾਇਮਰੀ ਸਕੂਲ 'ਚ ਪੰਜਵੀਂ ਜਮਾਤ ਤਕ ਸਿਰਫ 5 ਵਿਦਿਆਰਥੀ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ 2 ਅਧਿਆਪਕ ਤੇ ਇਕ ਸਵੈਸੇਵੀ ਨਿਯੁਕਤ ਕੀਤਾ ਗਿਆ ਹੈ। ਜੇਕਰ ਸੱਤਵੀਂ ਤੇ ਅੱਠਵੀਂ ਜਮਾਤ ਦੀ ਗੱਲ ਕਰੀਏ ਤਾਂ ਸਕੂਲ 'ਚ ਸਿਰਫ 4 ਵਿਦਿਆਰਥੀ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ 5 ਅਧਿਆਪਕ ਨਿਯੁਕਤ ਕੀਤੇ ਗਏ ਹਨ। ਸੂਤਰਾਂ ਮੁਤਾਬਕ ਇਸ ਸਾਲ ਪਹਿਲੀ ਸ਼੍ਰੇਣੀ 'ਚ ਕੋਈ ਦਾਖਲਾ ਨਹੀਂ ਹੋਇਆ ਸੀ ਤੇ ਦੂਜੀ, ਤੀਜੀ ਤੇ ਚੌਥੀ ਜਮਾਤ 'ਚ ਇਕ-ਇਕ ਵਿਦਿਆਰਥੀ ਹਨ।
ਸਰਕਾਰ ਵਲੋਂ ਕੀਤੇ ਐਲਾਨ 'ਚ ਸਪਸ਼ੱਟ ਤੌਰ 'ਤੇ ਕਿਹਾ ਗਿਆ ਹੈ ਕਿ ਜਿਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ 20 ਤੋਂ ਘੱਟ ਵਿਦਿਆਰਥੀ ਹਨ ਤੇ ਉਹ 2 ਕਿ. ਮੀ. ਦੇ ਘੇਰੇ 'ਚ ਆਉਂਦੇ ਹਨ, ਨੂੰ ਨੇੜਲੇ ਦੂਜੇ ਸਰਕਾਰੀ ਸਕੂਲਾਂ 'ਚ ਮਰਜ਼ ਕਰ ਦਿੱਤਾ ਜਾਵੇਗਾ, ਹਾਲਾਂਕਿ ਕੋਹੱਲ ਮਲੂਆਨਾ ਪਿੰਡ ਦੇ ਮਾਮਲੇ 'ਚ ਅਗਲੇ ਸਕੂਲ ਦੀ ਦੂਰੀ 3 ਤੋਂ 4 ਕਿਲੋਮੀਟਰ ਦੇ ਵਿਚਕਾਰ ਹੈ। ਸ਼ਾਇਦ ਇਸ ਕਾਰਨ ਇਸ ਸਕੂਲ ਦਾ ਨਾਂ ਮਰਜ਼ ਕੀਤੇ ਜਾਣ ਵਾਲੇ ਸਕੂਲਾਂ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਕੂਲ 'ਚ ਢੁੱਕਵੇਂ ਕਲਾਸਰੂਮ ਹਨ ਤੇ ਖੇਡਾਂ ਲਈ ਲੋੜੀਂਦੀ ਸਮੱਗਰੀ ਹੈ ਪਰ ਫਿਰ ਵੀ ਇਸ ਸਕੂਲ 'ਚ ਵਿਦਿਆਰਥੀਆਂ ਦੀ ਕਮੀ ਹੈ। 
ਹਾਲਾਂਕਿ ਮੁੱਖ ਮੰਤਰੀ ਦੇ ਜੱਦੀ ਪਿੰਡ ਦੇ ਦੋ ਹੋਰ ਸਕੂਲ ਮਰਜ਼ ਕੀਤੇ ਜਾਣ ਵਾਲੀ ਸੂਚੀ 'ਚ ਸ਼ਾਮਲ ਹਨ, ਕੋਠਾ ਤੱਲਵਾਲੀ ਤੇ ਕੋਠੇਪਿਪਲੀ, ਜਿਨ੍ਹਾਂ 'ਚ ਵਿਦਿਆਰਥੀਆਂ ਦੀ ਗਿਣਤੀ 20 ਤੋਂ ਘੱਟ ਹੈ, ਉਕਤ ਸਕੂਲਾਂ ਨੂੰ ਕੋਠੇ ਤਲਵੰਡੀ ਸਕੂਲ 'ਚ ਮਰਜ਼ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। 


Related News