ਮੁੱਖ ਮੰਤਰੀ ਨੇ ਬਾਲ ਕਲਾਕਾਰ ਨੂਰ ਨਾਲ ਮੁਲਾਕਾਤ ਕਰਕੇ ਦਿੱਤੀਆਂ ਸ਼ੁੱਭ ਕਾਮਨਾਵਾਂ

Friday, Nov 13, 2020 - 06:38 PM (IST)

ਮੁੱਖ ਮੰਤਰੀ ਨੇ ਬਾਲ ਕਲਾਕਾਰ ਨੂਰ ਨਾਲ ਮੁਲਾਕਾਤ ਕਰਕੇ ਦਿੱਤੀਆਂ ਸ਼ੁੱਭ ਕਾਮਨਾਵਾਂ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨੂਰ ਦੇ ਨਾਮ ਨਾਲ ਪ੍ਰਸਿੱਧ ਬਾਲ ਕਲਾਕਾਰ ਨੂਰਪ੍ਰੀਤ ਕੌਰ ਅਤੇ ਉਸ ਦੀ ਭੈਣ ਜਸ਼ਨਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਆਪਣੀ ਸਰਕਾਰੀ ਰਿਹਾਇਸ਼ 'ਤੇ ਦੋਵਾਂ ਨਾਲ ਹਾਸੇ-ਠੱਠੇ ਵਾਲੀਆਂ ਗੱਲਾਂ ਕਰਦਿਆਂ ਮੁੱਖ ਮੰਤਰੀ ਨੇ ਦੋਵੇਂ ਲੜਕੀਆਂ ਨੂੰ ਮਠਿਆਈ ਦੀ ਵੀ ਪੇਸ਼ਕਸ਼ ਕੀਤੀ।

PunjabKesari

ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਵੀ ਨੂਰ ਨੂੰ ਮਿਲੇ ਅਤੇ ਉਨ੍ਹਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ। ਪਰਦੇ 'ਤੇ ਪਟਕੇ ਵਿੱਚ ਦਿਸਦਾ ਲੜਕਾ ਨੂਰ ਅਸਲ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੀ ਲੜਕੀ ਹੈ। ਨੂਰ ਦੀ ਸ਼ਾਨਦਾਰ ਅਦਾਕਾਰੀ ਸਦਕਾ ਵੱਖ-ਵੱਖ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ ਵਿੱਚ ਉਸ ਦੇ ਪ੍ਰਸੰਸਕ ਹਨ ਅਤੇ ਨੂਰ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਹੈ। ਉਸ ਨੂੰ ਹਾਸੇ-ਠੱਠੇ ਦੇ ਅੰਦਾਜ਼ ਨਾਲ ਸਮਾਜਿਕ ਸੁਨੇਹਾ ਦੇਣ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

PunjabKesari

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਰੱਖੜੀ ਦੇ ਤਿਉਹਾਰ 'ਤੇ ਵੀ ਨੂਰ ਨੂੰ ਮਿਲਣ ਲਈ ਸਮਾਂ ਦਿੱਤਾ ਦਿੱਤਾ ਸੀ ਪਰ ਨੂਰ ਸਿਹਤ ਕਾਰਨਾਂ ਕਰਕੇ ਮਿਲਣ ਨਹੀਂ ਆ ਸਕੀ ਸੀ। ਹਾਲਾਂਕਿ, ਮੁੱਖ ਮੰਤਰੀ ਨੇ ਉਸ ਵੇਲੇ 'ਸ਼ਗਨ' ਭੇਜ ਕੇ ਦੀਵਾਲੀ ਦੀ ਪੂਰਵ ਸੰਧਿਆ 'ਤੇ ਮਿਲਣ ਦਾ ਮੁੜ ਸਮਾਂ ਦੇ ਦਿੱਤਾ ਸੀ। ਦੋਵੇਂ ਭੈਣਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਤੋਂ ਸੁਖਦੀਪ ਸਿੰਘ ਅਤੇ ਵਰਨਦੀਪ ਸਿੰਘ ਵੀ ਹਾਜ਼ਰ ਸਨ। ਇਹ ਦੋਵੇਂ ਨੌਜਵਾਨ ਨੂਰ ਦੇ ਵੀਡੀਓ ਕਲਿਪ ਰਿਕਾਰਡ ਕਰਕੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪਲੋਡ ਕਰਦੇ ਹਨ।
 


author

Deepak Kumar

Content Editor

Related News