ਕੈਪਟਨ ਦੇ ਦਰੇਸੀ ਤੱਕ ਨਾ ਜਾਣ ਕਾਰਨ ਰੈਲੀ ''ਚ ਕਾਇਮ ਹੋਇਆ ਅਵਿਵਸਥਾ ਦਾ ਮਾਹੌਲ
Tuesday, Dec 31, 2019 - 12:30 AM (IST)
ਲੁਧਿਆਣਾ,(ਹਿਤੇਸ਼/ਰਿੰਕੂ)- ਕਾਂਗਰਸ ਵੱਲੋਂ ਸੋਮਵਾਰ ਨੂੰ ਮਹਾਨਗਰ ਵਿਚ ਕਰਵਾਈ ਗਈ ਸੂਬਾ ਪੱਧਰੀ ਸੰਵਿਧਾਨ ਬਚਾਓ ਰੈਲੀ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਦਰੇਸੀ ਗਰਾਊਂਡ ਤੱਕ ਨਾ ਪੁੱਜਣ ਕਾਰਨ ਅਵਿਵਸਥਾ ਦਾ ਮਾਹੌਲ ਦੇਖਣ ਨੂੰ ਮਿਲਿਆ ਕਿਉਂਕਿ ਸਾਰੇ ਵਰਕਰਾਂ ਨੂੰ ਦਰੇਸੀ ਮੈਦਾਨ ਆਉਣ ਲਈ ਕਿਹਾ ਗਿਆ ਸੀ। ਜਦਕਿ ਐਨ ਮੌਕੇ 'ਤੇ ਕੈਪਟਨ ਦਾ ਸਿੱਧਾ ਮਾਤਾ ਰਾਣੀ ਚੌਕ ਆਉਣ ਦਾ ਪ੍ਰੋਗਰਾਮ ਬਣ ਗਿਆ, ਜਿਸ ਦੀ ਸੂਚਨਾ ਮਿਲਣ 'ਤੇ ਵਰਕਰਾਂ ਨੇ ਉਸ ਵੱਲ ਰੁਖ਼ ਕਰ ਲਿਆ। ਹਾਲਾਂਕਿ ਵਰਕਰਾਂ ਨੂੰ ਲਿਆਉਣ ਲਈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਆਸ਼ਾ ਕੁਮਾਰੀ, ਮੰਤਰੀ ਅਤੇ ਵਿਧਾਇਕ ਦਰੇਸੀ ਪੁੱਜੇ ਸਨ ਪਰ ਉਨ੍ਹਾਂ ਨੂੰ ਪ੍ਰਤਾਪ ਚੌਕ ਤੋਂ ਬਾਅਦ ਮਾਤਾ ਰਾਣ ਚੌਕ ਵੱਲ ਭੇਜ ਦਿੱਤਾ ਗਿਆ। ਜਦਕਿ ਵਰਕਰਾਂ ਨੂੰ ਚੌੜਾ ਬਾਜ਼ਾਰ ਦੇ ਰਸਤੇ ਘੰਟਾਘਰ ਦਾ ਰਸਤਾ ਦਿਖਾਇਆ ਗਿਆ। ਉਨ੍ਹਾਂ 'ਚੋਂ ਜ਼ਿਆਦਾਤਰ ਰੈਲੀ ਸਥਾਨ 'ਤੇ ਪੁੱਜਣ ਦੀ ਬਜਾਏ ਆਪਣੇ ਨੇਤਾਵਾਂ ਦੇ ਸਾਹਮਣੇ ਹਾਜ਼ਰੀ ਲਾ ਕੇ ਚਲੇ ਗਏ।
ਕੋਲ ਖੜ੍ਹੇ ਰਹਿ ਕੇ ਵੀ ਮਨਪ੍ਰੀਤ ਬਾਦਲ ਅਤੇ ਬਿੱਟੂ ਨੇ ਨਹੀਂ ਮਿਲਾਈਆਂ ਨਜ਼ਰਾਂ
ਲੁਧਿਆਣਾ ਦੇ ਐੱਮ. ਪੀ. ਜੋਂ ਰੈਲੀ ਵਿਚ ਬਿੱਟੂ ਦੀ ਹਾਜ਼ਰੀ ਤਾਂ ਯਕੀਨੀ ਸੀ, ਜਦਕਿ ਵਿੱਤ ਮੰਤਰੀ ਮਨੀਤ ਬਾਦਲ ਵੀ ਪੁੱਜੇ ਹੋਏ ਸਨ। ਜਿਨ੍ਹਾਂ ਦੀ ਵਰਕਿੰਗ ਨੂੰ ਲੈ ਕੇ ਬਿੱਟੂ ਨੇ ਪਿਛਲੇ ਦਿਨੀਂ ਬਠਿੰਡਾ ਜਾ ਕੇ ਸਵਾਲ ਖੜ੍ਹੇ ਕੀਤੇ ਸਨ। ਹਾਲਾਂਕਿ ਉਸ ਤੋਂ ਬਾਅਦ ਕੈਪਟਨ ਸਮੇਤ ਕਈ ਕਾਂਗਰਸ ਆਗੂਆਂ ਨੇ ਮਨਪ੍ਰੀਤ ਦੇ ਬਚਾਅ ਵਿਚ ਪੰਜਾਬ ਦੀ ਖਰਾਬ ਆਰਥਿਕ ਹਾਲਤ ਦਾ ਠੀਕਰਾ ਕੇਂਦਰ 'ਤੇ ਭੰਨਣ ਦਾ ਯਤਨ ਕੀਤਾ ਸੀ ਪਰ ਮਨਪ੍ਰੀਤ ਬਾਦਲ ਅਤੇ ਬਿੱਟੂ ਦੀਆਂ ਦੂਰੀਆਂ ਘੱਟ ਨਹੀਂ ਹੋਈਆਂ ਅਤੇ ਸਮਾਗਮ ਵਿਚ ਕੋਲ ਖੜ੍ਹੇ ਰਹਿ ਕੇ ਵੀ ਨਜ਼ਰਾਂ ਨਹੀਂ ਮਿਲਾਈਆਂ।
ਆਰਥਿਕ ਹਲਾਤ ਨੂੰ ਲੈ ਕੇ ਹੁਣ ਰਾਜਾ ਵੜਿੰਗ ਨੇ ਕੀਤੀ ਬਿੱਟੂ ਦੇ ਸਟੈਂਡ ਵੀ ਪੈਰਵੀ
ਪੰਜਾਬ ਦੀ ਆਰਥਿਕ ਸਥਿਤੀ ਨੂੰ ਲੈ ਕੇ ਹੁਣ ਵਿਧਾਇਕ ਰਾਜਾ ਵੜਿੰਗ ਨੇ ਐੱਮ.ਪੀ. ਰਵਨੀਤ ਬਿੱਟੂ ਦੇ ਸਟੈਂਡ ਦੀ ਪੈਰਵੀ ਕੀਤੀ ਹੈ। ਵੜਿੰਗ ਨੇ ਕਿਹਾ ਕਿ ਸਰਕਾਰ ਬਣੇ ਤਿੰਨ ਸਾਲ ਹੋ ਗਏ, ਹੁਣ ਅਸੀਂ ਵਾਰ-ਵਾਰ ਖਜ਼ਾਨਾ ਖਾਲੀ ਹੋਣ ਦੀ ਗੱਲ ਨਹੀਂ ਕਹਿ ਸਕਦੇ ਕਿਉਂਕਿ ਆਰਥਿਕ ਹਲਾਤ ਚਾਹੇ ਅਕਾਲੀਆਂ ਕਾਰਨ ਖਰਾਬ ਹੋਏ ਹਨ ਪਰ ਉਨ੍ਹਾਂ ਵਿਚ ਸੁਧਾਰ ਕਰਨ ਲਈ ਸਾਨੂੰ ਇੰਤਜ਼ਾਮ ਕਰਨਾ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਵਿਕਾਸ ਕਾਰਜਾਂ ਲਈ ਫੰਡ ਨਾ ਦੇਣ 'ਤੇ ਸਾਨੂੰ ਦੋ ਸਾਲ ਬਾਅਦ ਵੋਟਾਂ ਮੰਗਣ ਲਈ ਲੋਕਾਂ ਦੇ ਵਿਚ ਜਾਣ ਵਿਚ ਮੁਸ਼ਕਲ ਹੋਵੇਗੀ।
ਸਿੱਧੂ ਦੀ ਗੈਰ-ਮੌਜੂਦਗੀ 'ਤੇ ਕੈਪਟਨ ਅਤੇ ਆਸ਼ਾ ਕੁਮਾਰੀ ਨੇ ਨਹੀਂ ਦਿੱਤਾ ਜਵਾਬ
ਰੈਲੀ ਵਿਚ ਪੰਜਾਬ ਦੇ ਜ਼ਿਆਦਾਤਰ ਮੰਤਰੀ, ਵਿਧਾਇਕ ਅਤੇ ਵੱਡੇ ਨੇਤਾ ਮੌਜੂਦ ਸਨ ਪਰ ਨਵਜੋਤ ਸਿੱਧੂ ਦੀ ਗੈਰ ਮੌਜੂਦਗੀ ਦੀ ਚਰਚਾ ਹੁੰਦੀ ਰਹੀ ਕਿਉਂਕਿ ਸਿੱਧੂ ਕਾਫੀ ਦੇਰ ਤੱਕ ਗਾਇਬ ਰਹਿਣ ਤੋਂ ਬਾਅਦ ਬੀਤੇ ਦਿਨ ਅੰਮ੍ਰਿਤਸਰ ਵਿਚ ਨਜ਼ਰ ਆਏ ਸਨ ਜਿਸ ਦੇ ਬਾਵਜੂਦ ਰੈਲੀ ਵਿਚ ਨਹੀਂ ਪੁੱਜੇ, ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਗਿਆ ਤਾਂ ਉਹ ਪ੍ਰੈਸ ਕਾਨਫਰੰਸ ਖਤਮ ਕਰ ਕੇ ਚਲੇ ਗਏ, ਜਦੋਂਕਿ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੋ ਨਹੀਂ ਆਉਣਾ ਚਾਹੁੰਦਾ ਨਾ ਆਵੇ। ਇਨ੍ਹਾਂ ਨੇਤਾਵਾਂ ਦੀ ਰਹੀ ਮੌਜੂਦਗੀ ਵਿਧਾਇਕ ਸੁਰਿੰਦਰ ਡਾਵਰ, ਰਾਕੇਸ਼ ਪਾਂਡੇ, ਰਾਣਾ ਗੁਰਜੀਤ ਸਿੰਘ, ਗੁਰਕੀਰਤ ਕੋਟਲੀ, ਰਾਜ ਕੁਮਾਰ ਵੇਰਕਾ, ਰਮਿੰਦਰ ਆਂਵਲਾ, ਸੰਜੇ ਤਲਵਾਰ, ਕੁਲਦੀਪ ਸਿੰਘ, ਲਖਬੀਰ ਪਾਇਲ, ਅਮਰੀਕ ਢਿੱਲੋਂ, ਲਾਡੀ ਸ਼ੇਰੋਵਾਲੀਆ, ਪ੍ਰਗਟ ਸਿੰਘ, ਮਦਨ ਲਾਲ ਜਲਾਲਪੁਰ, ਰਾਜ ਕੁਮਾਰ ਚੱਬੇਵਾਲ, ਗੁਰਪ੍ਰੀਤ ਜੀ.ਪੀ., ਕੁਲਬੀਰ ਜੀਰਾ, ਮੇਅਰ ਬਲਕਾਰ ਸੰਧੂ, ਚੇਅਰਮੈਨ ਰਾਧਾ ਰੰਧਾਵਾ, ਕੇ.ਕੇ. ਬਾਵਾ, ਜ਼ਿਲਾ ਪ੍ਰਧਾਨ ਅਸ਼ਵਨੀ ਸ਼ਰਮਾ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਰਾਜੂ ਥਾਪਰ, ਪੰਕਜ ਕਾਕਾ, ਚੇਅਰਮੈਨ ਜ਼ਿਲਾ ਪ੍ਰੀਸ਼ਦ ਯਾਦਵਿੰਦਰ ਜੰਡਿਆਲੀ, ਅਮਰਜੀਤ ਓਬਰਾਏ, ਲੱਕੀ ਸੂਦ, ਰਾਜੂ ਵੋਹਰਾ, ਨਰੇਸ਼ ਧੀਂਗਾਨ, ਸੁਰਿੰਦਰ ਕਲਿਆਣ, ਵਿਪਨ ਅਰੋੜਾ ਆਦਿ ਸ਼ਾਮਲ ਹੋਏ।