''ਕੈਪਟਨ ਨੇ ਸਿੱਧੂ ਨੂੰ ਕੀਤੀ ਮੰਤਰੀ ਅਹੁਦੇ ਦੀ ਪੇਸ਼ਕਸ਼, ਸਿੱਧੂ ਨੇ ਨਹੀਂ ਖੋਲ੍ਹੇ ਪੱਤੇ''

11/25/2020 10:37:36 PM

ਚੰਡੀਗੜ੍ਹ,(ਅਸ਼ਵਨੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਸਿੱਧੂ ਨੇ ਕੈਪਟਨ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ। ਮੁੱਖ ਮੰਤਰੀ ਨੇ ਸਿੱਧੂ ਨੂੰ ਬੁੱਧਵਾਰ ਦੁਪਹਿਰ ਦੇ ਖਾਣੇ 'ਤੇ ਬੁਲਾਇਆ ਸੀ। ਇਸ ਸੱਦੇ ਤੋਂ ਬਾਅਦ ਤੋਂ ਹੀ ਕਿਆਸ ਲਾਏ ਜਾ ਰਹੇ ਸਨ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਲੰਚ ਡਿਪਲੋਮੈਸੀ ਰਾਹੀਂ ਸਿੱਧੂ ਨਾਲ ਸਾਰੇ ਗਿਲੇ-ਸ਼ਿਕਵੇ ਦੂਰ ਕਰਦਿਆਂ ਉਨ੍ਹਾਂ ਨੂੰ ਦੁਬਾਰਾ ਮੰਤਰੀ ਮੰਡਲ ਵਿਚ ਸ਼ਾਮਲ ਕਰ ਸਕਦੇ ਹਨ। ਬੁੱਧਵਾਰ ਨੂੰ ਜਦੋਂ ਸਿੱਧੂ ਦੁਪਹਿਰ ਦੇ ਖਾਣੇ 'ਤੇ ਪੁੱਜੇ ਤਾਂ ਉਂਝ ਹੀ ਹੋਇਆ, ਜਿਵੇਂ ਕਿਆਸ ਲਾਏ ਜਾ ਰਹੇ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿੱਧੂ ਨਾਲ ਪੰਜਾਬ ਦੀ ਸਿਆਸਤ 'ਤੇ ਲੰਬੀ ਚਰਚਾ ਕੀਤੀ। ਇਕ ਘੰਟੇ ਤੋਂ ਜ਼ਿਆਦਾ ਸਮੇਂ ਤਕ ਚੱਲੀ ਇਸ ਚਰਚਾ ਵਿਚ ਮੁੱਖ ਮੰਤਰੀ ਨੇ ਸਿੱਧੂ ਨੂੰ ਦੁਬਾਰਾ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਪਰ ਸਿੱਧੂ ਨੇ ਇਸ 'ਤੇ ਤਤਕਾਲ ਪੱਤੇ ਨਹੀਂ ਖੋਲ੍ਹੇ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਪਹਿਲਾਂ ਹੀ ਇਹ ਤਿਆਰੀ ਕਰ ਕੇ ਆਏ ਸਨ ਕਿ ਉਹ ਮੁੱਖ ਮੰਤਰੀ ਦੀ ਪੂਰੀ ਗੱਲ ਸੁਣਨਗੇ ਪਰ ਫ਼ੈਸਲਾ ਆਪਣੀ ਮਨਮਰਜ਼ੀ ਨਾਲ ਹੀ ਕਰਨਗੇ। ਇਸ ਕਾਰਨ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ  
 

ਉੱਧਰ, ਇਸ ਬੈਠਕ ਬਾਰੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਠੁਕਰਾਲ ਨੇ ਲਿਖਿਆ ਹੈ ਕਿ ਦੋਵਾਂ ਨੇਤਾਵਾਂ ਵਿਚਕਾਰ ਕਾਫ਼ੀ ਗਰਮਜੋਸ਼ੀ ਭਰੀ ਬੈਠਕ ਹੋਈ, ਜਿਸ ਵਿਚ ਪੰਜਾਬ ਅਤੇ ਰਾਸ਼ਟਰੀ ਪੱਧਰ ਨਾਲ ਜੁੜੇ ਕਈ ਮਹੱਤਵਪੂਰਣ ਮਸਲਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਦੋਵੇਂ ਨੇਤਾਵਾਂ ਨੇ ਇਕ ਘੰਟੇ ਤੋਂ ਜ਼ਿਆਦਾ ਸਮਾਂ ਬਤੀਤ ਕੀਤਾ ਅਤੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ। ਮੁੱਖ ਮੰਤਰੀ ਦੇ ਕਰੀਬੀਆਂ ਦੀ ਮੰਨੀਏ ਤਾਂ ਇਹ ਬੈਠਕ ਜਿਸ ਮੰਤਵ ਨਾਲ ਬੁਲਾਈ ਗਈ ਸੀ, ਉਹ ਮੰਤਵ ਪੂਰੀ ਤਰ੍ਹਾਂ ਸਾਰਥਕ ਰਿਹਾ ਹੈ। ਸਿੱਧੂ ਨੇ ਬੜੀ ਹੀ ਗਰਮਜੋਸ਼ੀ ਨਾਲ ਗੱਲਬਾਤ ਕੀਤੀ ਅਤੇ ਕਾਂਗਰਸ ਪ੍ਰਤੀ ਆਪਣੀ ਨਿਸ਼ਠਾ ਸਾਫ਼ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਦਸੰਬਰ ਪ੍ਰੀਖਿਆ ਲਈ ਡੇਟਸ਼ੀਟ ਜਾਰੀ

ਸਿੱਧੂ ਦੇ ਪੱਤੇ ਖੁੱਲ੍ਹਣ 'ਚ ਲੱਗ ਸਕਦੈ ਸਮਾਂ

ਸਿਆਸੀ ਮਾਹਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਹੀ ਸਿੱਧੂ ਦੇ ਪੱਤੇ ਖੁੱਲ੍ਹਣ ਵਿਚ ਅਜੇ ਸਮਾਂ ਲੱਗ ਸਕਦਾ ਹੈ। ਜੇਕਰ ਸਿੱਧੂ ਮੰਤਰੀ ਮੰਡਲ ਵਿਚ ਦੁਬਾਰਾ ਵਾਪਸੀ ਕਰਦੇ ਹਨ ਤਾਂ ਇਹ ਤੈਅ ਹੈ ਕਿ ਉਹ ਆਪਣੀਆਂ ਸ਼ਰਤਾਂ 'ਤੇ ਵਾਪਸੀ ਕਰਨਗੇ। ਇਹ ਵਾਪਸੀ ਵੀ ਉਦੋਂ ਸੰਭਵ ਹੈ, ਜਦੋਂ ਉਨ੍ਹਾਂ ਨੂੰ ਉਨ੍ਹਾਂ ਸਾਥੀਆਂ ਦੀ ਹਾਮੀ ਮਿਲੇਗੀ, ਜੋ ਅਸਤੀਫ਼ਾ ਦੇਣ ਤੋਂ ਬਾਅਦ ਤੋਂ ਉਨ੍ਹਾਂ ਦੇ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੇ ਰਹੇ। ਇਨ੍ਹਾਂ ਸਾਥੀਆਂ ਵਿਚ ਕਾਂਗਰਸ ਦੇ ਕਈ ਅਜਿਹੇ ਚਿਹਰੇ ਵੀ ਹਨ, ਜੋ ਮੁੱਖ ਮੰਤਰੀ ਨੂੰ ਗਾਹੇ-ਬਗਾਹੇ ਘੇਰਦੇ ਰਹੇ ਹਨ। ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਤੋਂ ਵੀ ਕਈ ਕਾਂਗਰਸੀ ਸਿੱਧੂ ਦੀ ਪਤਨੀ ਦੇ ਸੁਰ ਵਿਚ ਸੁਰ ਮਿਲਾਉਂਦੇ ਰਹੇ ਹਨ।


Deepak Kumar

Content Editor

Related News