ਸਿਟੀ ਬਿਊਟੀਫੁੱਲ ਚੰਡੀਗੜ੍ਹ ''ਚ ''ਕੈਂਸਰ'' ਨੇ ਫੈਲਾਏ ਪੈਰ, ਰਿਪੋਰਟ ''ਚ ਹੋਇਆ ਹੈਰਾਨ ਕਰਦਾ ਖੁਲਾਸਾ
Saturday, Nov 04, 2017 - 10:19 AM (IST)

ਚੰਡੀਗੜ੍ਹ : ਜਾਨਲੇਵਾ ਬੀਮਾਰੀ ਕੈਂਸਰ ਨੂੰ ਲੈ ਕੇ ਪੀ. ਜੀ. ਆਈ. ਅਤੇ ਟਾਟਾ ਮੈਮੋਰੀਅਲ ਸੈਂਟਰ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੈਂਸਸ 'ਤੇ ਆਧਾਰਿਤ ਕੈਂਸਰ ਕੇਸਾਂ ਦੀ 2014 ਦੀ ਸਰਵੇ ਰਿਪੋਰਟ ਪੇਸ਼ ਕੀਤੀ। ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਚੰਡੀਗੜ੍ਹ 'ਚ ਹਰ 8 ਪੁਰਸ਼ਾਂ 'ਚੋਂ ਇੱਕ ਨੂੰ ਕੈਂਸਰ ਦਾ ਖਤਰਾ ਹੈ, ਜਦੋਂ ਕਿ ਮੋਹਾਲੀ, ਸੰਗਰੂਰ ਅਤੇ ਮਾਨਸਾ ਜ਼ਿਲਿਆਂ 'ਚ 20 ਲੋਕਾਂ ਪਿੱਛੇ ਇਕ ਵਿਅਕਤੀ ਨੂੰ ਕੈਂਸਰ ਵਰਗੀ ਭਿਆਨਕ ਬੀਮਾਰੀ ਦਾ ਖਤਰ ਹੈ। ਸਰਵੇ ਮੁਤਾਬਕ ਸ਼ਹਿਰ 'ਚ 7 ਔਰਤਾਂ ਪਿੱਛੇ ਇਕ ਔਰਤ ਨੂੰ ਕੈਂਸਰ ਦਾ ਖਤਰਾ ਦੱਸਿਆ ਗਿਆ ਹੈ, ਜਦੋਂ ਕਿ ਮੋਹਾਲੀ, ਸੰਗਰੂਰ ਅਤੇ ਮਾਨਸਾ 'ਚ 17 ਔਰਤਾਂ ਪਿੱਛੇ ਇਕ ਔਰਤ 'ਚ ਕੈਂਸਰ ਦਾ ਖਤਰਾ ਜ਼ਿਆਦਾ ਪਾਇਆ ਗਿਆ ਹੈ। ਸ਼ੁੱਕਰਵਾਰ ਨੂੰ ਇਹ ਰਿਪੋਰਟ ਪੀ. ਜੀ. ਆਈ. 'ਚ ਚੰਡੀਗੜ੍ਹ ਦੇ ਸਿਹਤ ਸਕੱਤਰ ਅਨੁਰਾਗ ਅਗਰਵਾਲ ਅਤੇ ਪੰਜਾਬ ਦੇ ਪ੍ਰਿੰਸੀਪਲ ਸਿਹਤ ਸਕੱਤਰ ਅਤੇ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਭਾਰਗੋ ਆਡੀਟੋਰੀਅਮ 'ਚ ਜਾਰੀ ਕੀਤੀ ਗਈ।
ਇਸ ਸਰਵੇ 'ਚ ਚੰਡੀਗੜ੍ਹ ਦੀ ਪੂਰੀ ਜਨਸੰਖਿਆ ਅਤੇ ਪੰਜਾਬ ਦੇ 3 ਜ਼ਿਲਿਆਂ 'ਛ ਸ਼ਹਿਰੀ ਅਤੇ 1200 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮਾਹਿਰਾਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ਅਤੇ ਚੰਡੀਗੜ੍ਹ 'ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪਿੰਡਾਂ 'ਚੋਂ ਕੈਂਸਰ ਦੇ ਕੇਸ ਘੱਟ ਸਾਹਮਣੇ ਆ ਰਹੇ ਹਨ। ਸ਼ਹਿਰਾਂ 'ਚ ਲੋਕਾਂ ਦੇ ਬਦਲਦੇ ਲਾਈਫ ਸਟਾਈਲ ਕਾਰਨ ਕੈਂਸਰ ਦੇ ਮਰੀਜ਼ਾਂ ਦਾ ਆਂਕੜਾ ਵੀ ਵਧਦਾ ਹੀ ਜਾ ਰਿਹਾ ਹੈ। ਸ਼ਹਿਰਾਂ 'ਚ ਲੋਕ ਪ੍ਰਦੂਸ਼ਣ ਦੀ ਦਿੱਕਤ ਨਾਲ ਰੈਗੁਲਰ ਕਸਰਤ ਨਹੀਂ ਕਰਦੇ ਹਨ। ਇਸ ਤੋਂ ਇਲਾਵਾ ਲੋਕ ਖਾਣੇ 'ਚ ਜ਼ਿਆਦਾਤਰ ਜੰਕ ਫੂਡ ਇਸਤੇਮਾਲ ਕਰ ਰਹੇ ਹਨ, ਇਸ ਦੇ ਚੱਲਦਿਆਂ ਵੀ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਪੀ. ਜੀ. ਆਈ. ਦੇ ਨਿਰਦੇਸ਼ਕ ਪ੍ਰੋ. ਜਗਤ ਰਾਮ ਨੇ ਕਿਹਾ ਕਿ ਦੇਸ਼ 'ਚ ਨਾਨ-ਕਮਿਊਨੀਕੇਬਲ ਡਿਸੀਜ਼ ਤੋਂ ਪੀੜਤ ਲੋਕਾਂ ਦੀ ਗਿਣਤੀ ਵਧਣ ਨਾਲ ਦੇਸ਼ ਦੀ ਅਰਥ ਵਿਵਸਥਾ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਰੋਗ ਨਾਲ ਲੋਕਾਂ ਨੂੰ ਬਚਾਉਣ ਲਈ ਸਕੂਲ ਪੱਧਰ 'ਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਇਸ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਰਿਪੋਰਟ 'ਚ ਇਹ ਸਾਹਮਣੇ ਆਇਆ ਕਿ 2014 'ਚ ਚੰਡੀਗੜ੍ਹ 'ਚ 870 ਕੇਸ ਕੈਂਸਰ ਦੇ ਰਜਿਸਟਰਡ ਹੋਏ, ਇਨ੍ਹਾਂ 'ਚੋਂ 441 ਪੁਰਸ਼ਾਂ ਅਤੇ 429 ਔਰਤਾਂ ਸਨ। ਚੰਡੀਗੜ੍ਹ 'ਚ ਇਕ ਲੱਖ ਲੋਕਾਂ ਦੇ ਪਿੱਛੇ 96.9 ਪੁਰਸ਼ਾਂ 'ਚੋਂ ਇਕ ਲੱਖ ਔਰਤਾਂ ਪਿੱਛੇ 102.6 ਪ੍ਰਤੀ ਔਰਤਾਂ ਕੈਂਸਰ ਨਾਲ ਪੀੜਤ ਦੱਸੀਆਂ ਗਈਆਂ ਹਨ। ਇਨ੍ਹਾਂ 'ਚੋਂ 358 ਮਰੀਜ਼ਾਂ ਦੀ ਮੌਤ ਹੋਈ। ਇਨ੍ਹਾਂ 'ਚੋਂ 216 ਪੁਰਸ਼ ਅਤੇ 142 ਔਰਤਾਂ ਸ਼ਾਮਲ ਹਨ।