ਪੰਜਾਬ ''ਚ ਰੋਜ਼ਾਨਾ 18 ਕੀਮਤੀ ਜਾਨਾਂ ਚੜ੍ਹ ਰਹੀਆਂ ਨੇ ਕੈਂਸਰ ਦੀ ਭੇਟ
Wednesday, Nov 08, 2017 - 02:13 PM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ, ਜਗਸੀਰ) - ਦੇਸ਼ ਅੰਦਰ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਰਾਹੀਂ ਲੋਕਾਂ ਨੂੰ ਕੈਂਸਰ ਤੋਂ ਬਚਣ ਦੀਆਂ ਸਕੀਮਾਂ ਦੱਸੀਆਂ ਜਾ ਰਹੀਆਂ ਸਨ, ਉੱਥੇ ਹੀ ਕੈਂਸਰ ਦੀ ਅਸਲ ਜੜ੍ਹ ਨੂੰ ਪੁੱਟਣ ਲਈ ਨਾ ਤਾਂ ਸਰਕਾਰ ਅਤੇ ਨਾ ਹੀ ਸਿਹਤ ਵਿਭਾਗ ਨੇ ਕੋਈ ਉਪਰਾਲਾ ਕੀਤਾ, ਜੇਕਰ ਹਲਕਾ ਨਿਹਾਲ ਸਿੰਘ ਵਾਲਾ ਦੀ ਗੱਲ ਕਰੀਏ ਤਾਂ ਇਸ ਹਲਕੇ 'ਚੇ ਕੈਂਸਰ ਦੀ ਮਹਾਮਾਰੀ ਸੈਂਕੜੇ ਮਰਦ-ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ ਪਰ ਸਰਕਾਰ ਅਤੇ ਵਿਭਾਗ ਨੇ ਇਸ ਬੀਮਾਰੀ ਦੇ ਅਸਲ ਕਾਰਨਾਂ ਨੂੰ ਜਾਣਦੇ ਹੋਏ ਵੀ ਇਸ ਦਾ ਹੱਲ ਕਰਨ ਵੱਲ ਕੋਈ ਤਵੱਜੋਂ ਨਹੀਂ ਦਿੱਤੀ। ਹਲਕੇ ਦੇ ਸੈਂਕੜੇ ਕੈਂਸਰ ਪੀੜਤ ਅੱਜ ਵੀ ਮਹਿੰਗੇ ਮੁੱਲ ਦਾ ਇਲਾਜ ਕਰਵਾਉਣ ਲਈ ਮਜਬੂਰ ਹਨ ਅਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ।
ਕੈਂਸਰ ਵਰਗੀ ਭਿਆਨਕ ਨਾ-ਮੁਰਾਦ ਬੀਮਾਰੀ ਦਾ ਨਾਂ ਜ਼ੁਬਾਨ 'ਤੇ ਆਉਣ ਸਾਰ ਹੀ ਅੱਖਾਂ ਅੱਗੇ ਮੌਤ ਦਾ ਮੰਜਰ ਵਿਖਾਈ ਦੇਣ ਲੱਗਦਾ ਹੈ। ਇਸ ਬੀਮਾਰੀ ਨੇ ਪੂਰੇ ਮਾਲਵਾ ਖਿੱਤੇ ਨੂੰ ਆਪਣੇ ਖੂਨੀ ਪੰਜਿਆਂ ਦੀ ਜਕੜ 'ਚ ਲਿਆ ਹੋਇਆ ਹੈ ਤੇ ਇਹ ਮਹਾਮਾਰੀ ਬਹੁਤ ਹੀ ਤੇਜ਼ੀ ਨਾਲ ਮਨੁੱਖੀ ਜਾਨਾਂ ਦਾ ਖਾਤਮਾ ਕਰ ਰਹੀ ਹੈ। ਇਸ ਭਿਆਨਕ ਬੀਮਾਰੀ ਦੀ ਮਾਰ ਤੋਂ ਸਰਦੇ-ਪੁੱਜਦੇ ਲੋਕ ਤਾਂ ਵੱਡੇ-ਵੱਡੇ ਹਸਪਤਾਲਾਂ 'ਚ ਜਾਂ ਵਿਦੇਸ਼ਾਂ ਵਿਚ ਜਾ ਕੇ ਆਪਣਾ ਇਲਾਜ ਕਰਵਾ ਕੇ ਬਚ ਜਾਂਦੇ ਹਨ ਪਰ ਆਮ ਲੋਕਾਂ ਲਈ ਗਰੀਬਾਂ ਲਈ ਮਹਿੰਗੇ ਹਸਪਤਾਲਾਂ 'ਚ ਜਾ ਕੇ ਇਲਾਜ ਕਰਵਾਉਣਾ ਅਸੰਭਵ ਹੀ ਨਹੀਂ ਸਗੋਂ ਨਾ-ਮੁਮਕਿਨ ਹੈ। ਇਸ ਬੀਮਾਰੀ ਦੇ ਇਲਾਜ ਲਈ ਆਮ ਲੋਕਾਂ ਨੂੰ ਬੀਕਾਨੇਰ, ਚੰਡੀਗੜ੍ਹ, ਮੁੰਬਈ, ਦਿੱਲੀ ਆਦਿ ਦੂਰ-ਦੁਰਾਡੇ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਪੰਜਾਬ ਲਈ ਕਿੰਨੀ ਨਮੋਸ਼ੀ ਦੀ ਗੱਲ ਹੈ ਕਿ ਪੰਜਾਬ ਤੋਂ ਬੀਕਾਨੇਰ ਜਾਣ ਵਾਲੀ ਇਕ ਟਰੇਨ 'ਚ ਪੰਜਾਬ ਦੇ ਕੈਂਸਰ ਪੀੜਤਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਸ ਦਾ ਨਾਂ ਹੀ ਕੈਂਸਰ ਐਕਸਪ੍ਰੈੱਸ ਰੱਖ ਦਿੱਤਾ ਗਿਆ ਹੈ।