ਕੈਂਸਰ ਰੂਪੀ ਭਿਆਨਕ ਬੀਮਾਰੀ ਕਾਰਨ ਗਰੀਬ ਵਿਅਕਤੀ ਦੀ ਮੌਤ

Thursday, Apr 05, 2018 - 11:10 AM (IST)

ਕੈਂਸਰ ਰੂਪੀ ਭਿਆਨਕ ਬੀਮਾਰੀ ਕਾਰਨ ਗਰੀਬ ਵਿਅਕਤੀ ਦੀ ਮੌਤ

ਮੰਡੀ ਲਾਧੂਕਾ (ਸੰਦੀਪ) - ਕੈਂਸਰ ਇਕ ਅਜਿਹੀ ਬੀਮਾਰੀ ਹੈ, ਜੋ ਕਿ ਪੀੜਤ ਨੂੰ ਮੌਤ ਦੇ ਘਾਟ ਤਾਂ ਉਤਾਰ ਹੀ ਦਿੰਦੀ ਹੈ ਪਰ ਉਸ ਦਾ ਪਰਿਵਾਰ ਆਰਥਕ ਤੰਗੀ ਦਾ ਸ਼ਿਕਾਰ ਹੋ ਜਾਂਦਾ ਹੈ। ਜੇਕਰ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਸਮੇਂ ਰਹਿੰਦੇ ਮਦਦ ਮਿਲ ਜਾਵੇ ਤਾਂ ਪਰਿਵਾਰ ਦਾ ਕੁਝ ਦੁੱਖ ਘੱਟ ਹੋ ਸਕਦਾ ਹੈ। ਭਾਵੇਂ ਸਰਕਾਰ ਨੇ ਵੱਖਰੇ ਤੌਰ 'ਤੇ ਕੈਂਸਰ ਪੀੜਤਾਂ ਲਈ ਹਸਪਤਾਲ ਖੋਲ੍ਹੇ ਹਨ, ਜਿਥੇ ਮਰੀਜ਼ ਨੂੰ ਦਵਾਈ ਦੀ ਰਾਹਤ ਤਾਂ ਜ਼ਰੂਰ ਮਿਲਦੀ ਹੈ ਪਰ ਫਿਰ ਵੀ ਗਰੀਬ ਪਰਿਵਾਰਾਂ ਲਈ ਇਹ ਰਾਹਤ ਬਹੁਤ ਘੱਟ ਹੈ। ਪਿੰਡ ਤਰੋਬੜੀ ਵਾਸੀ ਮਹਿੰਦਰ ਸਿੰਘ ਪੁੱਤਰ ਫੁੰਮਣ ਸਿੰਘ ਜੋ ਕਿ ਮਜ਼ਦੂਰੀ ਦਾ ਕੰਮ ਕਰ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਇਸ ਭਿਆਨਕ ਬੀਮਾਰੀ ਕਾਰਨ ਉਹ ਲਗਭਗ 8 ਤੋਂ 9 ਮਹੀਨੇ ਇਸ ਲਾ-ਇਲਾਜ ਬੀਮਾਰੀ ਨਾਲ ਲੜਦਾ ਰਿਹਾ। 
ਉਸ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਪਤੀ ਦਾ ਇਲਾਜ ਫਰੀਦਕੋਟ ਸਰਕਾਰੀ ਹਸਪਤਾਲ 'ਚੋਂ ਕਰਵਾ ਰਹੀ ਪਰ ਉਸ ਨੂੰ ਹਸਪਤਾਲ ਅੰਦਰੋਂ ਨਾ ਮਾਤਰ ਹੀ ਦਵਾਈਆਂ ਮਿਲਦੀਆਂ ਸਨ ਤੇ ਉਹ ਬਾਹਰ ਦੇ ਪ੍ਰਾਈਵੇਟ ਮੈਡੀਕਲ ਸਟੋਰ ਤੋਂ ਦਵਾਈਆਂ ਲੈ ਕੇ ਪਤੀ ਦਾ ਇਲਾਜ ਕਰਵਾਉਂਦੀ ਰਹੀ। ਉਸ ਨੇ ਦੱਸਿਆ ਕਿ ਉਹ ਪਹਿਲਾਂ ਹੀ ਆਰਥਕ ਤੰਗੀ ਦਾ ਸ਼ਿਕਾਰ ਸਨ ਅਤੇ ਉਪਰ ਤੋਂ ਭਿਆਨਕ ਬੀਮਾਰੀ ਦੇ ਕਾਰਨ ਉਸ ਨੂੰ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਭਰਨਾ ਵੀ ਔਖਾ ਹੋ ਚੁੱਕਾ ਹੈ। ਉਹ ਆਪਣੇ ਦੁੱਧ ਵਾਲੇ ਪਸ਼ੂ ਵੇਚ ਕੇ ਤੇ ਹੋਰ ਰਿਸ਼ਤੇਦਾਰਾਂ ਤੋਂ ਉਧਾਰ ਪੈਸੇ ਲੈ ਕੇ ਵੀ ਆਪਣੇ ਪਤੀ ਨੂੰ ਨਹੀਂ ਬਚਾ ਸਕੀ। 
ਉਸ ਨੇ ਜ਼ਿਲਾ ਫਾਜ਼ਿਲਕਾ ਦੇ ਡੀ. ਸੀ. ਈਸ਼ਾ ਕਾਲੀਆ ਨੂੰ ਕਿਹਾ ਹੈ ਕਿ ਉਸ ਦੀ ਕੁਝ ਆਰਥਕ ਮਦਦ ਕੀਤੀ ਜਾਵੇ ਤਾਂ ਜੋ ਆਪਣਾ ਤੇ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਪਾਲਣ-ਪੋਸ਼ਣ ਕਰ ਸਕੇ ਅਤੇ ਇਸ ਭਿਆਨਕ ਬੀਮਾਰੀ ਦਾ ਸ਼ਿਕਾਰ ਹੋਏ ਮਰੀਜ਼ਾਂ ਨੂੰ ਮੁਫਤ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਉਪਲੱਬਧ ਹੋਣ, ਬੱਸ ਤੇ ਰੇਲ ਪਾਸ ਬਣਵਾਉਣ 'ਚ ਛੋਟ ਦਿੱਤੀ ਜਾਵੇ ਤਾਂ ਜੋ ਬਾਕੀ ਦੇ ਪਰਿਵਾਰ ਨੂੰ ਆਰਥਕ ਤੰਗੀ ਦਾ ਸ਼ਿਕਾਰ ਨਾ ਹੋਣਾ ਪਏ।


Related News