ਨਵੇਂ ਆਯਾਮ ਛੂਹ ਰਿਹਾ ਪੰਜਾਬ: 5 ਪੋਕਲੇਨ ਮਸ਼ੀਨਾਂ ਨਾਲ ਹੋਵੇਗੀ ਨਹਿਰਾਂ ਦੀ ਸਫ਼ਾਈ, ਕਰੋੜਾਂ ਦੀ ਹੋਵੇਗੀ ਬਚਤ

Friday, Aug 25, 2023 - 11:08 AM (IST)

ਨਵੇਂ ਆਯਾਮ ਛੂਹ ਰਿਹਾ ਪੰਜਾਬ: 5 ਪੋਕਲੇਨ ਮਸ਼ੀਨਾਂ ਨਾਲ ਹੋਵੇਗੀ ਨਹਿਰਾਂ ਦੀ ਸਫ਼ਾਈ, ਕਰੋੜਾਂ ਦੀ ਹੋਵੇਗੀ ਬਚਤ

ਜਲੰਧਰ (ਪੁਨੀਤ)–ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨਵੇਂ ਆਯਾਮ ਛੂਹ ਰਿਹਾ ਹੈ, ਜਿਸ ਕਾਰਨ ਪੰਜਾਬ ਵਾਸੀਆਂ ਨੂੰ ਵੱਡੇ ਪੱਧਰ ’ਤੇ ਸਹੂਲਤਾਂ ਮਿਲ ਰਹੀਆਂ ਹਨ। ਸਰਕਾਰ ਵੱਲੋਂ ਲਏ ਜਾਣ ਵਾਲੇ ਫ਼ੈਸਲੇ ਪੰਜਾਬ ਦੀ ਬਿਹਤਰੀ ਲਈ ਨੀਂਹ ਦਾ ਪੱਥਰ ਸਾਬਿਤ ਹੋਣਗੇ ਕਿਉਂਕਿ ਨਵੇਂ ਫ਼ੈਸਲਿਆਂ ਨਾਲ ਜੋ ਕੰਮ ਹੋ ਰਹੇ ਹਨ, ਉਸ ਦੀ ਪਹਿਲਾਂ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਸੀ। ਇਸੇ ਲੜੀ ਵਿਚ ਨਹਿਰੀ ਵਿਭਾਗ ਵਿਚ ਠੇਕੇਦਾਰੀ ਸਿਸਟਮ ਦੇ ਉਲਟ ਵਿਭਾਗੀ ਪੱਧਰ ’ਤੇ ਨਹਿਰਾਂ ਨੂੰ ਸਾਫ਼ ਕਰਵਾਉਣ ਦੇ ਕੰਮ ਸ਼ੁਰੂ ਕਰਵਾਏ ਜਾ ਚੁੱਕੇ ਹਨ। ਇਸ ਦੇ ਲਈ ਸਰਕਾਰ ਵੱਲੋਂ ਨਹਿਰਾਂ ਦੀ ਸਫ਼ਾਈ ਲਈ ਆਪਣੀ 5 ਪੋਕਲੇਨ ਮਸ਼ੀਨਾਂ ਖ਼ਰੀਦੀਆਂ ਗਈਆਂ ਹਨ। ਉਕਤ ਪੋਕਲੇਨ ਮਸ਼ੀਨਾਂ ਨਾਲ ਨਹਿਰਾਂ ਦੀ ਸਫ਼ਾਈ ਹੋਣ ਦੇ ਨਾਲ-ਨਾਲ ਵੱਡੇ ਪੱਧਰ ’ਤੇ ਪਾਣੀ ਦੀ ਬੱਚਤ ਹੋਵੇਗੀ।

ਨਹਿਰਾਂ ਦੀ ਸਫ਼ਾਈ ਲਈ ਸਰਕਾਰ ਵੱਲੋਂ ਹਰੇਕ ਸਾਲ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਸਨ ਪਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਪਣੀਆਂ 5 ਪੋਕਲੇਨ ਮਸ਼ੀਨਾਂ ਖ਼ਰੀਦਣ ਦਾ ਇਤਿਹਾਸਕ ਫ਼ੈਸਲਾ ਲਿਆ ਹੈ। ਇਸ ਨਾਲ ਭਵਿੱਖ ਵਿਚ ਹਰ ਸਾਲ ਕਰੋੜਾਂ ਰੁਪਏ ਦੀ ਬੱਚਤ ਹੋਣ ਦੇ ਨਾਲ-ਨਾਲ ਨਹਿਰਾਂ ਦੀ ਵਧੀਆ ਢੰਗ ਨਾਲ ਸਫਾਈ ਹੋ ਸਕੇਗੀ। ਨਹਿਰੀ ਵਿਭਾਗ ਨੂੰ ਆਪਣੇ ਪੱਧਰ ’ਤੇ ਹੋਣ ਵਾਲੇ ਨਹਿਰਾਂ ਦੀ ਸਫ਼ਾਈ ਦੇ ਕੰਮ ਲਈ ਟੈਂਡਰ ਆਦਿ ਮੰਗਣ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਵੱਡੇ ਪੱਧਰ ’ਤੇ ਸਮਾਂ ਵੀ ਬਚੇਗਾ ਅਤੇ ਵਿਭਾਗੀ ਕਰਮਚਾਰੀ ਕੰਮ ਪ੍ਰਤੀ ਜਵਾਬਦੇਹ ਹੋਣਗੇ।

ਇਹ ਵੀ ਪੜ੍ਹੋ- ਨਵਾਂਸ਼ਹਿਰ ਵਿਖੇ ਛੱਪੜ 'ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ, ਚਾਰ ਭੈਣਾਂ ਦਾ ਸੀ ਇਕਲੌਤਾ ਭਰਾ

5 ਦਰਿਆਵਾਂ ਦੇ ਸੰਗਮ ਨਾਲ ਬਣੇ ਪੰਜਾਬ ਵਿਚ ਨਹਿਰਾਂ ਦੀ ਅਹਿਮ ਭੂਮਿਕਾ ਹੈ, ਪਿਛਲੇ ਸਮੇਂ ਦੌਰਾਨ ਨਹਿਰਾਂ ਦੀ ਸਹੀ ਦੇਖਭਾਲ ਨਹੀਂ ਹੋ ਸਕੀ, ਜਿਸ ਕਾਰਨ ਵੱਡੇ ਪੱਧਰ ’ਤੇ ਪਾਣੀ ਦੀ ਬਰਬਾਦੀ ਹੋਈ। ਟੈਂਡਰ ਕਾਲ ਕਰਨ ਵਿਚ ਸਮੇਂ ਦੀ ਬਰਬਾਦੀ, ਕਰੋੜਾਂ ਦੇ ਖਰਚ ਦੇ ਬਾਵਜੂਦ ਨਹਿਰਾਂ ਦਾ ਪਾਣੀ ਪੰਜਾਬ ਦੀ ਖੇਤੀ ’ਚ ਸਹੀ ਢੰਗ ਨਾਲ ਕੰਮ ਨਹੀਂ ਆ ਸਕਿਆ ਪਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖ਼ਰੀਦੀਆਂ ਗਈਆਂ 5 ਪੋਕਲੇਨ ਮਸ਼ੀਨਾਂ ਨਾਲ ਪ੍ਰਤੀ ਸਾਲ ਕਰੋੜਾਂ ਰੁਪਏ ਦੀ ਬੱਚਤ, ਨਹਿਰਾਂ ਦੀ ਸਹੀ ਢੰਗ ਨਾਲ ਸਫ਼ਾਈ ਹੋਣ ਦੇ ਨਾਲ-ਨਾਲ ਸਮੇਂ ਦੀ ਬੱਚਤ ਹੋਵੇਗੀ, ਇਸ ਦੇ ਲਈ ਪੰਜਾਬ ਦੀਆਂ ਨਹਿਰਾਂ ਦਾ ਪਾਣੀ ਖੇਤੀ ਲਈ ਇਸਤੇਮਾਲ ਹੋਣ ਲੱਗੇਗਾ।

ਹੜ੍ਹ ਦੇ ਪਾਣੀ ਦੀ ਨਿਕਾਸੀ ’ਚ ਲਾਭਦਾਇਕ ਸਾਬਿਤ ਹੋਈਆਂ ਪੋਕਲੇਨ ਮਸ਼ੀਨਾਂ
ਭਗਵੰਤ ਸਿੰਘ ਮਾਨ ਵਲੋਂ ਸਾਰੇ ਵਿਭਾਗਾਂ ਨੂੰ ਖਾਸ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਕੰਮ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਪੰਜਾਬ ਨੂੰ ਲੰਬੇ ਅਰਸੇ ਤੱਕ ਲਾਭ ਹੋ ਸਕੇ। ਇਸੇ ਲੜੀ ਵਿਚ ਨਹਿਰੀ ਵਿਭਾਗ ਵੱਲੋਂ ਖ਼ਰੀਦੀਆਂ ਗਈਆਂ ਪੋਕਲੇਨ ਮਸ਼ੀਨਾਂ ਭਵਿੱਖ ਵਿਚ ਲੰਬੇ ਅਰਸੇ ਤੱਕ ਲਾਭ ਦਿੰਦੀਆਂ ਰਹਿਣਗੀਆਂ। ਇਨ੍ਹਾਂ ਮਸ਼ੀਨਾਂ ਨਾਲ ਸਿਰਫ਼ ਨਹਿਰਾਂ ਦੀ ਸਫ਼ਾਈ ਨਹੀਂ ਹੋਵੇਗੀ ਸਗੋਂ ਹੜ੍ਹ ਦੌਰਾਨ ਇਨ੍ਹਾਂ ਮਸ਼ੀਨਾਂ ਦਾ ਵਿਸ਼ੇਸ਼ ਲਾਭ ਹੋਵੇਗਾ।
ਮਸ਼ੀਨਾਂ ਖ਼ਰੀਦਣ ਦੇ ਤੁਰੰਤ ਪ੍ਰਭਾਵ ਨਾਲ ਇਸ ਦਾ ਲਾਭ ਵੀ ਹੋਣਾ ਸ਼ੁਰੂ ਹੋ ਚੁੱਕਾ ਹੈ। ਮਾਲਵਾ ’ਚ ਹੜ੍ਹ ਦੌਰਾਨ ਪੋਕਲੇਨ ਮਸ਼ੀਨਾਂ ਦੀ ਲੋੜ ਮਹਿਸੂਸ ਕੀਤੀ ਗਈ ਅਤੇ ਸਰਕਾਰ ਨੇ ਤਰਨਤਾਰਨ ਤੋਂ ਪੋਕਲੇਨ ਮਸ਼ੀਨਾਂ ਨੂੰ ਮਾਲਵਾ ਖੇਤਰ ਵਿਚ ਭਿਜਵਾ ਦਿੱਤਾ। ਸਰਕਾਰ ਦੀ ਆਪਣੀ ਮਸ਼ੀਨ ਹੋਣ ਕਾਰਨ ਫ਼ੈਸਲਾ ਲੈਣ ਵਿਚ ਆਸਾਨੀ ਹੋਈ ਅਤੇ ਟੈਂਡਰ ਵਰਗੀ ਪ੍ਰਕਿਰਿਆ ਵਿਚੋਂ ਵੀ ਨਹੀਂ ਲੰਘਣਾ ਪਿਆ। ਪੋਕਲੇਨ ਮਸ਼ੀਨਾਂ ਨੇ ਪਾਣੀ ਦੀ ਨਿਕਾਸੀ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ, ਜਿਸ ਨਾਲ ਲੋਕਾਂ ਨੂੰ ਵੱਡੇ ਪੱਧਰ ’ਤੇ ਲਾਭ ਹੋਇਆ। ਵਿਭਾਗ ਕੋਲ ਆਪਣੀਆਂ ਮਸ਼ੀਨਾਂ ਨਾ ਹੁੰਦੀਆਂ ਤਾਂ ਹੜ੍ਹ ਦਾ ਪਾਣੀ ਨਿਕਲਣ ਵਿਚ ਕਾਫੀ ਵੱਧ ਸਮਾਂ ਲੱਗਦਾ ਪਰ ਭਗਵੰਤ ਸਿੰਘ ਮਾਨ ਦੇ ਫ਼ੈਸਲਿਆਂ ਨਾਲ ਸਮੇਂ ਦੀ ਵੱਡੇ ਪੱਧਰ ’ਤੇ ਬੱਚਤ ਹੋਈ।

ਇਹ ਵੀ ਪੜ੍ਹੋ- ਉਜੜਿਆ ਘਰ: ਭੁਲੱਥ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ, ਮਚਿਆ ਚੀਕ-ਚਿਹਾੜਾ

ਆਪਣੀਆਂ ਮਸ਼ੀਨਾਂ ਕਾਰਨ ਖ਼ਤਮ ਹੋਵੇਗਾ ਭ੍ਰਿਸ਼ਟਾਚਾਰ
ਸਰਕਾਰ ਵੱਲੋਂ ਆਪਣੇ ਪੱਧਰ ’ਤੇ ਕੀਤੇ ਜਾਣ ਵਾਲੇ ਯਤਨਾਂ ਨਾਲ ਨਤੀਜੇ ਬਿਹਤਰ ਆਉਂਦੇ ਹਨ, ਇਸੇ ਕਾਰਨ ਨਹਿਰੀ ਵਿਭਾਗ ਤਹਿਤ ਪੋਕਲੇਨ ਮਸ਼ੀਨਾਂ ਖ਼ਰੀਦੀਆਂ ਗਈਆਂ ਹਨ। ਇਸ ਰਾਹੀਂ ਵਿਭਾਗ ਜਦੋਂ ਚਾਹੇ ਨਹਿਰਾਂ ਦੀ ਸਫ਼ਾਈ ਕਰਵਾ ਸਕਦਾ ਹੈ, ਇਸ ਦੇ ਲਈ ਵਿਭਾਗ ਨੂੰ ਠੇਕੇਦਾਰ ’ਤੇ ਨਿਰਭਰ ਰਹਿਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਪਹਿਲਾਂ ਕਿਸੇ ਵੀ ਨਹਿਰ ਦੀ ਸਫਾਈ ਲਈ ਪਹਿਲਾਂ ਟੈਂਡਰ ਕੱਢਿਆ ਜਾਂਦਾ ਸੀ। ਇਸ ਪ੍ਰਕਿਰਿਆ ਵਿਚ ਕਾਫ਼ੀ ਸਮਾਂ ਵੀ ਲੱਗਦਾ ਸੀ। ਸਰਕਾਰ ਵੱਲੋਂ ਮਸ਼ੀਨਾਂ ਖ਼ਰੀਦਣ ਕਾਰਨ ਭ੍ਰਿਸ਼ਟਾਚਾਰ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ। ਵਿਭਾਗ ਨੂੰ ਜਿੱਥੇ ਸਫ਼ਾਈ ਦੀ ਲੋੜ ਮਹਿਸੂਸ ਹੋਵੇਗੀ, ਉਥੇ ਸਫ਼ਾਈ ਕੰਮ ਕਰਵਾ ਕੇ ਤੁਰੰਤ ਪ੍ਰਭਾਵ ਨਾਲ ਸ਼ੁਰੂ ਹੋ ਜਾਵੇਗਾ।

ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਨ ਵੱਲ ਕਦਮ ਵਧਾ ਰਹੀ ਸਰਕਾਰ
ਠੇਕੇਦਾਰਾਂ ਰਾਹੀਂ ਹੋਣ ਵਾਲੇ ਕੰਮ ’ਤੇ ਸਵਾਲ ਉਠਾਏ ਜਾ ਸਕਦੇ ਹਨ ਅਤੇ ਠੇਕੇਦਾਰਾਂ ਦੀ ਪੇਮੈਂਟ ਜਾਰੀ ਹੋਣ ਤੋਂ ਬਾਅਦ ਕਿਸੇ ਦੀ ਜਵਾਬਦੇਹੀ ਨਹੀਂ ਰਹਿ ਜਾਂਦੀ, ਇਸੇ ਕਾਰਨ ਸਰਕਾਰ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਵੱਲ ਕਦਮ ਵਧਾ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਡਰੋਨਾਂ ਦੀ ਸਫ਼ਾਈ ਸਿਰਫ਼ ਬਰਸਾਤਾਂ ਦੇ ਦਿਨਾਂ ਵਿਚ ਹੁੰਦੀ ਹੈ ਅਤੇ ਇਹ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਬਰਸਾਤ ਦੀ ਆੜ ਹੇਠ ਠੇਕੇਦਾਰ ਕੰਮ ਅਧੂਰਾ ਛੱਡ ਦਿੰਦੇ ਹਨ ਅਤੇ ਪੂਰੇ ਪੈਸੇ ਲੈ ਜਾਂਦੇ ਹਨ। ਇਸੇ ਕਾਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਵੇਂ ਪ੍ਰਯੋਗ ਕਰਕੇ ਜਨਤਾ ਨੂੰ ਰਾਹਤ ਦੇ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਜਨਤਾ ਦੇ ਟੈਕਸ ਦਾ ਇਕ-ਇਕ ਪੈਸਾ ਬਚਾਇਆ ਜਾਵੇ ਅਤੇ ਸਹੀ ਤਰੀਕੇ ਨਾਲ ਸਿਰਫ਼ ਸਹੀ ਕੰਮ ’ਤੇ ਹੀ ਖ਼ਰਚ ਕੀਤਾ ਜਾਵੇ।

3 ਕਰੋੜ ਨਾਲ ਖ਼ਰੀਦੀਆਂ ਮਸ਼ੀਨਾਂ : ਪਹਿਲੇ ਕੰਮ ਨਾਲ 63.94 ਲੱਖ ਦੀ ਹੋਈ ਬੱਚਤ
ਸਰਕਾਰ ਵਲੋਂ 3 ਕਰੋੜ ਰੁਪਏ ਦੀ ਲਾਗਤ ਨਾਲ ਮਸ਼ੀਨਾਂ ਖ਼ਰੀਦੀਆਂ ਗਈਆਂ ਹਨ। ਪਾਇਲਟ ਪ੍ਰਾਜੈਕਟ ਦੇ ਰੂਪ ਵਿਚ ਅੰਮ੍ਰਿਤਸਰ ਅਤੇ ਤਰਨਤਾਰਨ ਦੀਆਂ ਨਹਿਰਾਂ ਦੀ ਸਫਾਈ ਦੇ ਕੰਮ ’ਤੇ ਇਨ੍ਹਾਂ ਨੂੰ ਲਾਇਆ ਗਿਆ ਹੈ। ਪੰਜਾਬ ਸਰਕਾਰ ਨੇ ਸ਼ੁਰੂਆਤ ਵਜੋਂ ਪ੍ਰਯੋਗ ਦੇ ਰੂਪ ਵਿਚ ਇਸ ਨੂੰ ਲਾਗੂ ਕੀਤਾ ਜੋ ਕਿ ਕਾਫੀ ਹੱਦ ਤੱਕ ਸਫਲ ਵੀ ਰਿਹਾ। ਪੋਕਲੇਨ ਮਸ਼ੀਨਾਂ ਵਲੋਂ 2 ਅਗਸਤ ਤੱਕ ਕੀਤੀ ਗਈ ਸਫਾਈ ਦੇ ਕੰਮ ਦਾ ਜਦੋਂ ਮੁਲਾਂਕਣ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਸ ਵਿਚ ਸਿਰਫ 19.84 ਲੱਖ ਰੁਪਏ ਦਾ ਖ਼ਰਚ ਆਇਆ ਹੈ।
ਇਹ ਕੰਮ ਜੇਕਰ ਠੇਕੇਦਾਰਾਂ ਕੋਲੋਂ ਟੈਂਡਰ ਪ੍ਰਕਿਰਿਆ ਰਾਹੀਂ ਕਰਵਾਇਆ ਜਾਂਦਾ ਤਾਂ ਦਿੱਤੇ ਗਏ ਅੰਦਾਜ਼ਨ ਮੁੱਲਾਂ ਮੁਤਾਬਕ ਇਸ ਕੰਮ ਲਈ ਠੇਕੇਦਾਰਾਂ ਨੂੰ 83.78 ਲੱਖ ਰੁਪਏ ਅਦਾ ਕਰਨੇ ਪੈਂਦੇ। ਇਸ ਕਾਰਨ ਪਹਿਲੀ ਵਾਰ ਕਰਵਾਏ ਗਏ ਕੰਮ ਨਾਲ ਸਰਕਾਰ ਨੂੰ 63.94 ਲੱਖ ਰੁਪਏ ਦੀ ਬੱਚਤ ਹੋਈ ਹੈ ਕਿਉਂਕਿ 83.78 ਲੱਖ ਦਾ ਕੰਮ ਸਿਰਫ਼ 19.84 ਲੱਖ ਰੁਪਏ ਵਿਚ ਕਰਵਾਇਆ ਗਿਆ ਹੈ। ਉਥੇ ਹੀ ਵਿਭਾਗੀ ਡਰਾਈਵਰ ਅਤੇ ਹੋਰ ਕਰਮਚਾਰੀਆਂ ਕੋਲੋਂ ਕੰਮ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਸਕਾਰਾਤਮਕ ਨਤੀਜਿਆਂ ਨੂੰ ਵੇਖ ਕੇ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿਚ 5 ਹੋਰ ਮਸ਼ੀਨਾਂ ਖ਼ਰੀਦਣ ਜਾ ਰਹੀ ਹੈ, ਜਿਸ ਨਾਲ ਵਿਭਾਗ ਦੀ ਡ੍ਰੇਨੇਜ ਸਫ਼ਾਈ ਲਈ ਟੈਂਡਰ ਪ੍ਰਕਿਰਿਆ ਅਤੇ ਠੇਕੇਦਾਰਾਂ ’ਤੇ ਨਿਰਭਰਤਾ ਬਹੁਤ ਘੱਟ ਹੋ ਜਾਵੇਗੀ।

ਇਹ ਵੀ ਪੜ੍ਹੋ- ਮਾਲੇਰਕੋਟਲਾ ਵਿਖੇ ਟਿੱਪਰ ਤੇ ਮੋਟਰਸਾਈਕਲ 'ਚ ਜ਼ਬਰਦਸਤ ਟੱਕਰ, 2 ਵਿਅਕਤੀਆਂ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News