ਜੁੜਵਾਂ ਨਹਿਰਾਂ ''ਚ ਪਿਆ 100 ਫੁੱਟ ਚੌੜਾ ਪਾੜ

Saturday, Mar 31, 2018 - 08:05 AM (IST)

ਜੁੜਵਾਂ ਨਹਿਰਾਂ ''ਚ ਪਿਆ 100 ਫੁੱਟ ਚੌੜਾ ਪਾੜ

ਗਿੱਦੜਬਾਹਾ (ਕੁਲਭੂਸ਼ਨ, ਸੰਧਿਆ) - ਅੱਜ ਦੇਰ ਸ਼ਾਮ ਗਿੱਦੜਬਾਹਾ ਦੇ ਨੇੜਲੇ ਪਿੰਡ ਸਮਾਘ ਦੇ ਨੇੜੇ ਲੰਘਦੀਆਂ ਜੁੜਵਾਂ ਨਹਿਰਾਂ ਵਿਚਕਾਰਲੀ ਪਟੜੀ ਵਿਚ ਕਰੀਬ 100 ਫੁੱਟ ਦਾ ਪਾੜ ਪੈ ਗਿਆ ਅਤੇ ਦੋਵੇਂ ਨਹਿਰਾਂ ਆਪਸ ਵਿਚ ਮਿਲ ਗਈਆਂ। ਪੂਰੇ ਮਾਮਲੇ ਵਿਚ ਭਲੀ ਇਹ ਰਹੀ ਕਿ ਰਾਜਸਥਾਨ ਨਹਿਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦੀ ਬੰਦੀ ਹੋਣ ਕਾਰਨ ਰਾਜਸਥਾਨ ਫੀਡਰ ਵਿਚ ਪਾਣੀ ਦਾ ਲੈਵਲ ਘੱਟ ਸੀ ਅਤੇ ਜਦੋਂ ਸਰਹਿੰਦ ਫੀਡਰ ਵਿਚਲਾ ਪਾੜ ਦਰਮਿਆਨੀ ਪਟੜੀ ਨੂੰ ਤੋੜਦਾ ਹੋਇਆ ਰਾਜਸਥਾਨ ਨਹਿਰ ਦਾ ਕੰਢਾ ਤੋੜ ਕੇ ਪਾਣੀ ਰਾਜਸਥਾਨ ਨਹਿਰ ਵਿਚ ਡਿੱਗਣ ਲੱਗ ਪਿਆ ਅਤੇ ਜੇਕਰ ਰਾਜਸਥਾਨ ਫੀਡਰ ਨਹਿਰ ਵਿਚ ਪਾਣੀ ਦੀ ਬੰਦੀ ਨਾ ਚੱਲ ਰਹੀ ਹੁੰਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
 ਦੂਜੇ ਪਾਸੇ ਸਰਹਿੰਦ ਫੀਡਰ ਦੇ ਪਾਣੀ ਦਾ ਵਹਾਅ ਬਣਨ ਕਾਰਨ ਨਹਿਰ ਦੇ ਕੰਢਿਆਂ 'ਚ ਵੱਡੀਆ-ਵੱਡੀਆਂ ਤਰੇੜਾਂ ਆ ਗਈਆਂ, ਜਿਸ ਕਾਰਨ ਸਮਾਘ ਤੋਂ ਗੁਰੂਸਰ ਜਾਣ ਵਾਲੀ ਸੜਕ 'ਤੇ ਬਣੇ ਪੁਲ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਨਹਿਰਾਂ ਦੀ ਸਫਾਈ ਨਾ ਹੋਣ ਕਰ ਕੇ ਸਰਹਿੰਦ ਫੀਡਰ ਦੇ ਕੰਢਿਆਂ 'ਤੇ ਨਹਿਰ ਵਿਚ ਉੱਗੇ ਸਰਕੰਡਿਆਂ ਕਾਰਨ ਉਕਤ ਨਹਿਰ ਟੁੱਟੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਦੋ ਮੇਟ ਨਹਿਰਾਂ 'ਤੇ ਡਿਊਟੀ ਦਿੰਦੇ ਹਨ ਪਰ ਉਕਤ ਦੋਵੇਂ ਡਿਊਟੀ ਦੌਰਾਨ ਬਿਨਾਂ ਕੋਈ ਕੰਮ ਕੀਤਿਆਂ ਹੀ ਵਾਪਸ ਚਲੇ ਜਾਂਦੇ ਹਨ।
 ਖਬਰ ਲਿਖੇ ਜਾਣ ਤੱਕ ਨਹਿਰਾਂ ਦੀ ਉਕਤ ਦਰਮਿਆਨੀ ਪਟੜੀ ਦਾ ਖੁਰਨਾ ਜਾਰੀ ਸੀ ਅਤੇ ਇਸ ਵਿਚ ਵੱਡੀ ਤਾਦਾਦ ਵਿਚ ਦਰੱਖ਼ਤ ਡਿੱਗ ਰਹੇ ਸਨ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਸੀ।  ਇਸ ਸਬੰਧੀ ਜਦੋਂ ਸਰਹਿੰਦ ਫੀਡਰ ਦੇ ਐੱਸ. ਡੀ. ਓ. ਰਮਨਪ੍ਰੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਹਿਰ ਟੁੱਟਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਮੁੱਢਲੇ ਤੌਰ 'ਤੇ ਰਾਜਸਥਾਨ ਫੀਡਰ ਵਿਚ ਪਾਣੀ ਦੀ ਬੰਦੀ ਹੋਣ ਕਾਰਨ ਸਰਹਿੰਦ ਫੀਡਰ ਦੇ ਪਾਣੀ ਦਾ ਦਬਾਅ ਪਟੜੀ 'ਤੇ ਆਉਣ ਲੱਗ ਪਿਆ ਹੈ।
'ਜਗ ਬਾਣੀ' ਨੇ ਖ਼ਬਰ ਰਾਹੀਂ ਦਿੱਤੀ ਸੀ ਚਿਤਾਵਨੀ
ਆਖਿਰ ਉਹੀ ਹੋਇਆ ਜਿਸ ਦਾ ਡਰ ਸੀ, ਸਰਹਿੰਦ ਨਹਿਰ ਦੇ ਕੰਢਿਆਂ 'ਤੇ ਲੱਗੇ ਸਰਕੰਡੇ ਨੇ ਅਖੀਰ ਨਹਿਰ ਵਿਚ ਪਾੜ ਪਾ ਹੀ ਦਿੱਤਾ। ਇਸ ਖਦਸ਼ੇ ਸਬੰਧੀ 'ਜਗ ਬਾਣੀ' ਨੇ ਆਪਣੀ 10 ਫਰਵਰੀ ਨੂੰ ਪ੍ਰਕਾਸ਼ਿਤ ਖਬਰ ਵਿਚ ਇਸ ਗੱਲ ਦੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਮਾਂ ਰਹਿੰਦੇ ਵਿਭਾਗ ਨੇ ਇਸ ਦੀ ਸਫਾਈ ਨਾ ਕਰਵਾਈ ਤਾਂ ਨਹਿਰ ਕਿਸੇ ਵੀ ਸਮੇਂ ਟੁੱਟ ਸਕਦੀ ਹੈ ਪਰ ਇਸ ਚਿਤਾਵਨੀ ਤੋਂ ਵਿਭਾਗ ਨੇ ਕੋਈ ਸਬਕ ਨਹੀਂ ਲਿਆ।


Related News