ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਪੰਜ ਸਾਲਾ ਪੁੱਤ ਨਾਲ ਮਿਲ ਕੀਤੀ ਖੁਦਕੁਸ਼ੀ
Monday, Sep 25, 2017 - 05:50 PM (IST)
ਪੱਟੀ (ਬੇਅੰਤ) : ਦਾਜ ਤੋਂ ਤੰਗ ਆਈ ਇਕ ਔਰਤ ਵੱਲੋਂ ਆਪਣੇ ਬੱਚੇ ਸਮੇਤ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੱਟੀ ਤੋਂ ਤਰਨਤਾਰਨ ਰੋਡ ਦੇ ਨਾਲ ਲੰਘਦੀ ਨਹਿਰ ਵਿਚ ਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਜੰਡੋਕੇ ਨੇ ਆਪਣੇ ਪੰਜ ਸਾਲਾ ਪੁੱਤਰ ਅਭੀਮਾਨ ਸਿੰਘ ਨਾਲ ਨਹਿਰ ਵਿਚ ਛਾਲ ਮਾਰ ਦਿੱਤੀ ਜਿਸ ਕਾਰਨ ਦੋਵਾਂ ਮਾਂ-ਪੁੱਤਰ ਦੀ ਮੌਤ ਹੋ ਗਈ। ਜਿਵੇਂ ਹੀ ਇਸ ਘਟਨਾ ਦਾ ਪਤਾ ਸਥਾਨਕ ਪੁਲਸ ਨੂੰ ਲੱਗਾ ਤਾਂ ਪੁਲਸ ਥਾਣਾ ਸਦਰ ਪੱਟੀ ਦੇ ਮੁਖੀ ਇੰਸਪੈਕਟਰ ਰਾਜੇਸ਼ ਕੱਕੜ ਅਤੇ ਏ.ਐਸ.ਆਈ. ਕਸ਼ਮੀਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਘਟਨਾ ਨਾਲ ਸਬੰਧਤ ਕਾਰਨਾਂ ਦੀ ਜਾਂਚ ਕੀਤੀ।
ਸੋਮਵਾਰ ਸਵੇਰੇ ਨਹਿਰ ਅੰਦਰੋਂ ਪੁਲਸ ਵੱਲੋਂ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਭਰਾ ਲਵਜੀਤ ਸਿੰਘ ਦੇ ਬਿਆਨਾਂ ਨੂੰ ਕਾਨੂੰਨੀ ਕਾਰਵਾਈ ਲਈ ਕਲਮਬੰਦ ਕੀਤਾ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਲੜਕੀ ਨੂੰ ਦਾਜ ਲਿਆਉਣ ਲਈ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ। ਪੁਲਸ ਵੱਲੋਂ ਲੜਕੀ ਦੇ ਸਹੁਰੇ ਪਰਿਵਾਰ ਖਿਲਾਫ ਖੁਦਕੁਸ਼ੀ ਅਤੇ ਦਾਜ ਮੰਗਣ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
